Saturday, 24 August 2013

10. ਜਾਮਨਗਰ

10. ਜਾਮਨਗਰ


ਦੋ ਘੰਟੇ ਬਾਅਦ ਅਸੀਂ ਜਾਮਨਗਰ ਵਿਚ ਸੀ।
ਅਸੀਂ ਇਕ ਛੋਟੀ-ਜਿਹੀ ਚਾਹ ਦੀ ਦੁਕਾਨ ਕੋਲ ਰੁਕੇ ਤੇ ਲਲਚਾਈਆਂ ਨਜ਼ਰਾਂ ਨਾਲ ਲੋਕਾਂ ਨੂੰ ਲੱਡੂ ਤੇ ਭੇਲਪੂਰੀ ਖਾਂਦਿਆਂ ਹੋਇਆਂ ਦੇਖਣ ਲੱਗੇ। ਸਾਡੇ ਕੋਲ ਤਾਂ ਨਾਰੀਅਲ ਖ਼ਰੀਦਨ ਜਿੰਨੇ ਪੈਸੇ ਵੀ ਨਹੀਂ ਸਨ।
“ਬੰਦਰਗਾਹ ਕਿੱਧਰ ਏ?” ਮੈਂ ਦੁਕਾਨਦਾਰ ਨੂੰ ਪੁੱਛਿਆ।
“ਏਥੋਂ ਦੋ ਮੀਲ ਦੂਰ।” ਉਸਨੇ ਉਤਰ ਦਿੱਤਾ।
“ਕੀ ਉੱਥੇ ਕੋਈ ਜਹਾਜ਼ ਵਗ਼ੈਰਾ ਖੜ੍ਹਾ ਏ?” ਰਤਾ ਸਹਿਜ ਨਾਲ ਮੈਂ ਪੁੱਛਿਆ।
“ਜਹਾਜ਼ ਦਾ ਕੀ ਕਰੋਗੇ?”
“ਕੋਈ ਕੀ ਕਰਦਾ ਏ ਜਹਾਜ਼ ਦਾ?”
“ਖ਼ੈਰ, ਸਿਰਫ਼ ਇਕ ਜਹਾਜ਼ ਏ, ਜਿਹੜਾ ਅੱਜ ਲੰਗਰ ਉਠਾਅ ਰਿਹਾ ਏ। ਉਸ 'ਤੇ ਜਾਣਾ ਚਾਹੁੰਦੇ ਓਂ ਤਾਂ ਫਟਾਫਟ ਭੱਜ ਜਾਓ!”
“ਚੱਲ!” ਦਲਜੀਤ ਬੋਲਿਆ।
“ਠਹਿਰੋ!” ਦੁਕਾਨਦਾਰ ਦੇ ਕਾਊਂਟਰ ਦੇ ਨੇੜੇ ਖੜ੍ਹੇ ਇਕ ਨੌਜਵਾਨ ਨੇ ਸਾਨੂੰ ਟੋਕਿਆ, “ਜੇ ਪੈਦਲ ਚੱਲ ਕੇ ਜਾਓਗੇ, ਤਾਂ ਕਰੀਬ ਇਕ ਘੰਟਾ ਲੱਗ ਜਾਵੇਗਾ ਉੱਥੇ ਪਹੁੰਚਣ 'ਚ। ਤੁਹਾਨੂੰ ਆਪਣੀ ਗੱਡੀ 'ਚ ਬੈਠਾ ਕੇ ਲੈ ਚੱਲਦਾਂ।” ਇਹ ਕਹਿੰਦੇ ਹੋਏ ਉਸਨੇ ਕੋਲ ਖੜ੍ਹੀ ਹੋਈ ਪੁਰਾਣੀ ਜਿਹੀ ਟੱਟੂ-ਗੱਡੀ ਵੱਲ ਇਸ਼ਾਰਾ ਕੀਤਾ। ਟੱਟੂ ਨੂੰ ਦੇਖ ਕੇ ਲੱਗਦਾ ਨਹੀਂ ਸੀ ਕਿ ਉਹ ਉੱਥੋਂ ਹਿੱਲਣ ਲਈ ਵੀ ਰਾਜ਼ੀ ਹੋ ਸਕਦਾ ਹੈ।
“ਮੇਰਾ ਟੱਟੂ ਖ਼ੂਬ ਤੇਜ਼ ਦੌੜਦਾ ਏ।” ਸਾਨੂੰ ਟੱਟੂ ਵੱਲ ਦੇਖਦਿਆਂ ਦੇਖ ਕੇ ਨੌਜਵਾਨ ਨੇ ਬੋਲਿਆ, “ਇਸਦੀ ਸ਼ਕਲ ਸੂਰਤ 'ਤੇ ਨਾ ਜਾਓ। ਥੱਕਿਆ-ਹਾਰਿਆ ਜ਼ਰੂਰ ਲੱਗਦਾ ਏ, ਪਰ ਚੈਂਪੀਅਨ ਵਾਂਗ ਦੌੜਦਾ ਏ। ਸਿਰਫ਼ ਇਕ ਰੁਪਈਆਂ ਭਾੜਾ ਲਵਾਂਗਾ!”
“ਸਾਡੇ ਕੋਲ ਇਕ ਦਮੜੀ ਵੀ ਨਹੀਂ ਏਂ।” ਮੈਂ ਕਿਹਾ, “ਅਸੀਂ ਪੈਦਲ ਜਾਵਾਂਗੇ।”
“ਠੀਕ ਐ, ਅਠਿਆਨੀ ਈ ਦੇ ਦੇਣਾ।” ਉਹ ਬੋਲਿਆ, “ਅਠਿਆਨੀ ਤੇ ਚਾਹ ਦਾ ਇਕ ਗਲਾਸ। ਆਓ, ਬੈਠੋ।”
“ਠੀਕ ਐ।” ਦਲਜੀਤ ਬੋਲਿਆ, “ਬਹੁਤਾ ਸਮਾਂ ਨਈਂ। ਅਠਿਆਨੀ ਦਿਆਂਗੇ। ਚਾਹ ਖ਼ੁਦ ਖ਼ਰੀਦ ਕੇ ਪੀ ਲਵੀਂ।”
ਅਸੀਂ ਟੱਟੂ ਗੱਡੀ ਉੱਤੇ ਸਵਾਰ ਹੋ ਗਏ। ਨੌਜਵਾਨ ਵੀ ਉਛਲ ਕੇ ਅੱਗੇ ਬੈਠ ਗਿਆ ਤੇ ਲੱਗਿਆ ਚਾਬੂਕ ਫਿਟਕਾਰਨ। ਟੱਟੂ ਝਟਕੇ ਨਾਲ ਅੱਗੇ ਵਧਿਆ, ਪਹੀਏ ਖੜਖੜਾਏ-ਡਗਮਗਾਏ ਤੇ ਬਾਜ਼ਾਰ ਦੀ ਸੜਕ ਉੱਤੇ ਟੱਟੂ ਸਰਪਟ ਦੌੜਨ ਲੱਗਾ।
“ਮੈਨੂੰ ਨਹੀਂ ਪਤਾ ਸੀ, ਤੇਰੇ ਕੋਲ ਅਠਿਆਨੀ ਬਚੀ ਏ।” ਮੈਂ ਕਿਹਾ।
ਦਲਜੀਤ ਬੋਲਿਆ, “ਮੇਰੇ ਕੋਲ ਹੈ ਕਿੱਥੇ! ਪਰ ਇਸਦੀ ਚਿੰਤਾ ਬਾਅਦ 'ਚ ਕਰਾਂਗੇ। ਤੇਰੇ ਅੰਕਲ ਤਾਂ ਭਾੜਾ ਦੇ ਈ ਸਕਦੇ ਨੇ!”
ਜਿਵੇਂ ਹੀ ਅਸੀਂ ਟਾਊਨ ਵਿਚੋਂ ਨਿਕਲੇ ਤੇ ਸਮੁੰਦਰ ਵੱਲ ਜਾਣ ਵਾਲੀ ਖੁੱਲ੍ਹੀ ਸੜਕ ਉੱਤੇ ਆਏ, ਟੱਟੂ ਦੀ ਚਾਲ ਹੋਰ ਤੇਜ਼ ਹੋ ਗਈ। ਸੁਭਾਵਕ ਸੀ, ਕਿਉਂਕਿ ਉੱਥੇ ਉਤਰਾਈ ਸੀ। ਹਵਾ ਦੇ ਬੁੱਲ੍ਹਿਆਂ ਨਾਲ ਉਡਦੇ ਮੇਰੇ ਵਾਲ ਅੱਖਾਂ ਉੱਤੇ ਆ ਗਏ ਸਨ ਤੇ ਹਵਾ ਵਿਚ ਸਮੁੰਦਰ ਦੀ ਖਾਰੀ ਗੰਧ ਘੁਲੀ ਹੋਈ ਸੀ।
ਦਲਜੀਤ ਨੇ ਉਤਸਾਹ ਵੱਸ ਮੈਨੂੰ ਝੰਜੋੜਿਆ।
“ਬਸ, ਹੁਣ ਸਮਝ ਕਿ ਅਸੀਂ ਬੰਦਰਗਾਹ 'ਤੇ ਪਹੁੰਚ ਗਏ,” ਉਹ ਕਹਿ ਰਿਹਾ ਸੀ, “ਤੇ ਫੇਰ ਉੱਥੋਂ ਉਡਨਤੂ ਹੋ ਜਾਵਾਂਗੇ।”
ਕੋਚਵਾਨ ਟੱਟੂ ਨੂੰ ਤਰ੍ਹਾਂ-ਤਰ੍ਹਾਂ ਨਾਲ ਪੁਚਕਾਰਦਾ ਹੋਇਆ ਭਜਾ ਰਿਹਾ ਸੀ। ਫੇਰ, ਕੁਝ ਤਾਂ ਸਮੁੰਦਰੀ ਹਵਾ ਤੇ ਕੁਝ ਟੱਟੂ-ਗੱਡੀ ਦੀ ਤੇਜ਼ ਰਫ਼ਤਾਰ ਨਾਲ ਖਿੜ ਕੇ ਉਸਨੇ ਅਚਾਨਕ ਗਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਅਸੀਂ ਸੜਕ ਦੇ ਮੋੜ ਉੱਤੇ ਘੁੰਮੇ, ਸਮੁੰਦਰ-ਤਟ ਦਿਖਾਈ ਦੇਣ ਲੱਗ ਪਿਆ। ਕਈ ਛੋਟੇ-ਛੋਟੇ 'ਢੋ' ਤਟ ਦੇ ਨੇੜੇ ਖੜ੍ਹੇ ਸਨ ਤੇ ਮਛੇਰਿਆਂ ਦੀਆਂ ਡੌਂਗੀਆਂ ਰੇਤ ਉੱਤੇ ਲੱਗੀਆਂ ਸਨ। ਮਛੇਰੇ ਆਪਣੇ ਜਾਲ ਸੁਕਾ ਰਹੇ ਸਨ ਤੇ ਉਹਨਾਂ ਦੇ ਨੰਗ-ਧੜ ਬੱਚੇ ਸਮੁੰਦਰੀ ਲਹਿਰਾਂ ਵਿਚ ਹੁੜਦੰਗ ਮਚਾਉਂਦੇ ਫਿਰ ਰਹੇ ਸਨ। ਕੁਝ ਫ਼ਾਸਲੇ ਉੱਤੇ, ਸਮੁੰਦਰ ਵਿਚ ਇਕ ਸਟੀਮਰ ਖੜ੍ਹਾ ਸੀ। ਹਾਲਾਂਕਿ ਏਨੀ ਦੂਰੋਂ ਮੈਂ ਉਸਦਾ ਨਾਂ ਨਹੀਂ ਪੜ੍ਹ ਸਕਿਆ, ਫੇਰ ਵੀ ਮੈਨੂੰ ਯਕੀਨ ਸੀ ਕਿ ਉਹ 'ਲੂਸੀ' ਹੀ ਸੀ।
ਟੱਟੂ-ਗੱਡੀ ਘਾਟ ਦੇ ਸ਼ੁਰੂ ਵਿਚ ਹੀ ਰੁਕ ਗਈ ਤੇ ਅਸੀਂ ਯਕਦਮ ਕੁੱਦੇ ਤੇ ਘਾਟ ਦੇ ਨਾਲ ਦੌੜ ਪਏ। ਪਰ ਦੌੜਦੇ-ਦੌੜਦੇ ਵੀ ਇਹ ਸਮਝਦੇ ਹੋਏ ਦੇਰ ਨਹੀਂ ਲੱਗੀ ਕਿ ਜਹਾਜ਼ ਸਾਥੋਂ ਪਰ੍ਹੇ, ਸਮੁੰਦਰ ਵਿਚ ਅੱਗੇ ਵੱਲ ਵਧਦਾ ਜਾ ਰਿਹਾ ਹੈ। ਉਸਦੇ ਪ੍ਰੋਪੈਲਰ ਵਿਚੋਂ ਉਠਣ ਵਾਲੀਆਂ ਛੋਟੀਆਂ-ਛੋਟੀਆਂ ਲਹਿਰਾਂ ਪਿੱਛੇ ਘਾਟ ਵੱਲ ਆ ਰਹੀਆਂ ਸਨ।
“ਕੈਪਟਨ!” ਮੈਂ ਕੂਕ ਕੇ ਆਵਾਜ਼ ਮਾਰੀ, “ਅੰਕਲ ਜਿਮ, ਰੁਕ ਜਾਓ! ਅਸੀਂ ਆ ਗਏ!”
ਜਹਾਜ਼ ਦੇ ਪਿੱਛਲੇ ਹਿੱਸੇ ਵਿਚ ਖੜ੍ਹੇ ਇਕ 'ਲਾਸਕਰ' (ਮਲਾਹ) ਨੇ ਸਿਰਫ਼ ਹੱਥ ਹਿਲਾਇਆ। ਤੇ ਬਸ। ਮੈਂ ਘਾਟ ਦੇ ਸਿਰੇ ਉੱਤੇ ਖੜ੍ਹਾ ਸੀ ਤੇ ਹੱਥ ਹਿਲਾਉਂਦਾ ਹੋਇਆ ਜ਼ੋਰ ਨਾਲ ਬੁਲਾਈ ਜਾ ਰਿਹਾ ਸੀ।
“ਕੈਪਟਨ, ਅੰਕਲ ਜਿਮ! ਰੁਕ ਜਾਓ, ਮੈਂ ਆ ਗਿਆ।”
ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਲੱਗਿਆ, ਸਟੀਮਰ ਦੇ ਪਿੱਛੇ-ਪਿੱਛੇ ਚੱਕਰ ਲਾਉਂਦੇ ਜੰਗਲੀ ਪੰਛੀ ਵੀ ਜਿਵੇਂ ਮੇਰੀ ਆਵਾਜ਼ ਵਿਚ ਆਵਾਜ਼ ਰਲਾ ਕੇ ਚੀਕ ਰਹੇ ਹੋਣ, “ਕੈਪਟਨ! ਕੈਪਟਨ...”
ਜਹਾਜ਼ ਹੋਰ ਅੱਗੇ ਨਿਕਲ ਗਿਆ ਸੀ। ਉਸਦੀ ਰਫ਼ਤਾਰ ਤੇਜ਼ ਹੁੰਦੀ ਜਾ ਰਹੀ ਸੀ। ਫੇਰ ਵੀ ਮੈਂ ਭਰੜਾਈ ਆਵਾਜ਼ ਵਿਚ ਮਿੰਨਤਾਂ-ਜਿਹੀਆਂ ਕਰਦਾ ਹੋਇਆ ਆਵਾਜ਼ਾਂ ਮਾਰੀ ਜਾ ਰਿਹਾ ਸੀ।
ਬੋਕੋਹਾਮਾ, ਸਾਨ ਡਿਏਗੋ, ਵਾਲਪਰਾਯਸੋ, ਲੰਦਨ—ਸਭ ਇਕ-ਇਕ ਕਰਕੇ ਹਮੇਸ਼ਾ ਲਈ ਅਲੋਪ ਹੁੰਦੇ ਜਾ ਰਹੇ ਸਨ।
ਉਸ ਢਲਦੀ ਸ਼ਾਮ ਘਾਟ ਉੱਤੇ ਅਸੀਂ ਇਕੱਲੇ ਖੜ੍ਹੇ ਸੀ। ਉੱਤੇ ਮੰਡਲਾਉਂਦੇ ਸਮੁੰਦਰੀ ਪੰਛੀ ਜਿਵੇਂ ਆਪਣੀ ਕਾਵਾਂ-ਰੌਲੀ ਨਾਲ ਸਾਨੂੰ ਚਿੜਾ ਰਹੇ ਸਨ। ਅਚਾਨਕ ਅੰਕਲ ਜਿਮ ਦੇ ਖ਼ਤਾਂ ਵਿਚੋਂ ਇਕ ਵਾਕ ਮੇਰੇ ਦਿਮਾਗ਼ ਵਿਚ ਗੂੰਜ ਉੱਠਿਆ—'ਪਹਿਲਾ ਪੜਾਅ ਏਡਨ ਵਿਚ, ਫੇਰ ਸਵੇਜ ਵਿਚ, ਤੇ ਫੇਰ ਨਹਿਰ ਦੇ ਬਾਅ...' ਪਰ ਮੇਰੇ ਸਾਹਮਣੇ ਵਾਪਸੀ ਦਾ ਕਾਫੀ ਲੰਮਾ ਸਫ਼ਰ ਮੂੰਹ ਅੱਡੀ ਖੜ੍ਹਾ ਸੀ। ਫੇਰ ਆਪਣੇ ਗਾਰਜੀਅਨ ਦਾ ਕਰੋਪ ਤੇ ਫੇਰ ਸਕੂਲ ਦੀ ਬੋਰੀਅਤ!
ਦਲਜੀਤ ਚੁੱਪਚਾਪ ਖੜ੍ਹਾ ਸੀ। ਆਖ਼ਰ ਜਦੋਂ ਮੈਂ ਉਸ ਵੱਲ ਦੇਖਣ ਦਾ ਹੌਸਲਾ ਕੀਤਾ, ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਮੁਸਕਰਾ ਰਿਹਾ ਸੀ। ਉਹ ਨਿਰਾਸ਼ ਜਾਂ ਉਦਾਸ ਬਿਲਕੁਲ ਨਹੀਂ ਸੀ।
“ਅਸੀਂ ਇੱਥੇ ਪਹੁੰਚਣ 'ਚ ਕਾਫੀ ਦੇਰ ਕਰ ਦਿੱਤੀ,” ਦਲਜੀਤ ਕਹਿ ਰਿਹਾ ਸੀ, “ਸੈਂਕੜੇ ਮੀਲ ਕਰਕੇ ਇੱਥੇ ਆਏ ਤੇ ਬਸ, ਪੰਜ ਮਿੰਟ ਦੀ ਦੇਰ ਨੇ ਸਭ ਚੌਪਟ ਕਰ ਦਿੱਤਾ।”
“ਕੋਈ ਗੱਲ ਨਹੀਂ। ਹਰ ਚੀਜ਼ ਦਾ ਅੰਤ 'ਨਹੀਂ' ਵਿਚ ਹੋਇਆ ਏ। ਸਾਡੀਆਂ ਸਾਰੀਆਂ ਸਕੀਮਾਂ...”
“ਸਾਡੇ ਸਾਰੇ ਸੁਪਨੇ!”
“ਸੁਪਨੇ ਦੇਖਣ 'ਚ ਕੀ ਬੁਰਾਈ ਏ?”
“ਕੋਈ ਨਈਂ। ਜਦੋਂ ਤਕ ਉਹ ਸੱਚ ਨਈਂ ਹੁੰਦੇ, ਅਸੀਂ ਸੁਪਨ-ਲੋਕ ਵਿਚ ਵਿਚਰਦੇ ਰਹਿ ਸਕਦੇ ਆਂ, ਖ਼ਿਆਲੀ ਪੁਲਾਅ ਬਣਾ ਸਕਦੇ ਆਂ। ਅਸੀਂ ਸਕੂਲ ਵਾਪਸ ਜਾਵਾਂਗੇ ਤੇ ਇਕ ਵਾਰੀ ਫੇਰ ਨਵੇਂ-ਨਵੇਂ ਸੁਪਨਿਆਂ ਦਾ ਜਾਲ ਬੁਣਾਂਗੇ।”
“ਮੈਨੂੰ ਨਹੀਂ ਪਤਾ ਸੀ, ਤੂੰ ਦਾਰਸ਼ਨਿਕ ਵੀ ਏਂ ਦਲਜੀਤ!...ਤੇ ਤੂੰ ਕੀ ਸਮਝਦਾ ਏਂ, ਅਸੀ ਵਾਪਸ ਸਕੂਲ ਪਰਤ ਸਕਾਂਗੇ? ਤੂੰ ਜੇ ਆਪਣੀ ਘੜੀ ਵੀ ਵੇਚ ਦਵੇਂ, ਤਾਂ ਵੀ ਏਨੇ ਪੈਸੇ ਨਹੀਂ ਹੋਣਗੇ। ਮੈਂ ਤਾਂ ਹਾਰ ਗਿਆ ਆਂ। ਮੈਂ ਕਿਤੇ ਨਹੀਂ ਜਾਣਾ ਚਾਹੁੰਦਾ। ਜਦੋਂ ਤਕ ਮੇਰੇ ਅੰਕਲ ਵਾਪਸ ਨਹੀਂ ਆਉਂਦੇ, ਮੈਂ ਇਸੇ ਘਾਟ 'ਤੇ ਬੈਠਾ ਰਹਾਂਗਾ, ਇੱਥੇ ਈ।”
“ਕਦੋਂ ਤਕ ਉਹਨਾਂ ਦਾ ਇੰਤਜ਼ਾਰ ਕਰੇਂਗਾ?”
“ਇਕ ਸਾਲ, ਦੋ ਸਾਲ!” ਮੈਂ ਮੁਸਕਰਾਉਂਦਿਆਂ ਹੋਇਆਂ ਕਿਹਾ।
“ਵਾਪਸੀ ਬਾਰੇ ਤੂੰ ਚਿੰਤਾ ਨਾ ਕਰ।” ਦਲਜੀਤ ਬੋਲਿਆ, “ਜਦੋਂ ਅਸੀਂ ਭੱਜਣ ਦੀ ਸੋਚੀ ਸੀ, ਤਾਂ ਉਸ ਭੇਦ ਨੂੰ ਗੁਪਤ ਰੱਖਣਾ ਮਜਬੂਰੀ ਸੀ, ਪਰ ਹੁਣ ਇਹ ਰਹੱਸ, ਰਹੱਸ ਨਈਂ ਰਿਹਾ। ਅਸੀਂ ਘੜੀ ਵੇਚ ਕੇ ਟੱਟੂ-ਗੱਡੀ ਦਾ ਭਾੜਾ ਦੇਵਾਂਗੇ ਤੇ ਤਾਰ ਦਿਆਂਗੇ।”
“ਹੈਡਮਾਸਟਰ ਨੂੰ?”
“ਨਈਂ, ਬੰਬਈ 'ਚ ਆਪਣੇ ਇਕ ਅੰਕਲ ਨੂੰ ਤਾਰ ਦਿਆਂਗੇ। ਉਹ ਆਪਣੀ ਕਾਰ ਵਿਚ ਆ ਕੇ ਸਾਨੂੰ ਇੱਥੋਂ ਲੈ ਜਾਣਗੇ। ਫੇਰ ਕਾਰ ਵਿਚ ਈ ਉਹ ਸਾਨੂੰ ਸਾਡੇ ਸਕੂਲ ਪਹੁੰਚਾ ਦੇਣਗੇ। ਇਸ ਵਾਰੀ ਅਸੀਂ ਆਰਾਮ ਨਾਲ ਸਫ਼ਰ ਕਰਾਂਗੇ। ਰਸਤੇ ਵਿਚ ਚਿਕਨ ਖਾਵਾਂਗੇ, ਆਈਸਕਰੀਮ ਖਾਵਾਂਗੇ। ਕੁਛ ਦਿਨ ਤਾਂ ਗੁਲਛੱਰਰੇ ਉਡਾਵਾਂਗੇ ਈ।”
“ਹਾਂ,” ਮੈਂ ਕਿਹਾ, “ਵਾਪਸੀ ਤੋਂ ਬਾਅਦ ਫੇਰ ਸਾਨੂੰ ਕੌਣ ਮੌਜ-ਮਸਤੀ ਕਰਨ ਦਵੇਗਾ!”
ਟੱਟੂ-ਗੱਡੀ ਵੱਲ ਜਾਂਦਿਆਂ ਹੋਇਆ ਮੈਂ ਬਹੁਤੀ ਗੱਲ ਨਹੀਂ ਕੀਤੀ। ਉਸ ਵੇਲੇ ਮੇਰਾ ਮਨ ਕਿਤੇ ਦੂਰ ਭਟਕ ਰਿਹਾ ਸੀ। ਮੈਂ ਆਪਣੇ-ਆਪ ਨੂੰ ਇਹ ਕਹਿ ਕੇ ਦਲਾਸਾ ਦੇ ਰਿਹਾ ਸੀ ਕਿ ਅਗਲੇ ਸਾਲ ਕਿਸੇ ਦਿਨ ਅੰਕਲ ਜਿਮ ਜਦੋਂ ਫੇਰ 'ਲੂਸੀ' ਵਿਚ ਆਉਣਗੇ, ਉਦੋਂ ਮੈਂ ਅਜਿਹੀ ਗਲਤੀ ਨਹੀਂ ਕਰਾਂਗਾ। ਜਹਾਜ਼ ਤੁਰਨ ਤੋਂ ਕਾਫੀ ਪਹਿਲਾਂ ਹੀ ਮੈਂ ਉਸ ਉੱਤੇ ਸਵਾਰ ਹੋ ਜਾਵਾਂਗਾ।
ਤੇ ਰਤਾ ਰੁਕ ਕੇ ਮੈਂ ਅੰਤਮ ਵਾਰੀ ਸਮੁੰਦਰ ਵੱਲ ਦੇਖਿਆ। ਸਮੁੰਦਰ ਦੇ ਅਨੰਤ ਪਾਣੀ ਵਿਚ ਸਟੀਮਰ ਬੜਾ ਛੋਟਾ ਲੱਗਣ ਲੱਗਾ ਸੀ।
ਇਸ ਸਾਲ, ਅਗਲੇ ਸਾਲ, ਕਦੀ...ਯੋਕੋਹਾਮਾ, ਵਾਲਪਰਾਯਸੋ, ਸਾਨ ਡਿਏਗੋ, ਲੰਦਨ...
--- --- ---


======================================================================
ਰਸਕਿਨ ਬਾਂਡ ਦੀ ਇਹ ਪੁਸਤਕ The Adventures of Rusty (English) ਦੇ ਹਿੰਦੀ ਅਨੁਵਾਦ 'ਰਸਟੀ ਕੇ ਕਾਰਨਾਮੇ' ਮੈਂ ਨੈਸ਼ਨਲ ਬੁਕ ਟਰਸਟ, ਦਿੱਲੀ ਵੱਲੋਂ ਫਰੀਦਕੋਟ ਵਿਖੇ ਲੱਗੇ ਇਕ ਪੁਸਤਕ ਮੇਲੇ ਵਿਚੋਂ ਲਿਆਂਦੀ, ਪੜ੍ਹੀ ਤੇ ਮੇਰੇ ਅੰਦਰ ਇਸਨੂੰ ਪੰਜਾਬੀ ਵਿਚ ਅਨੁਵਾਦ ਕਰਨ ਦੀ ਤੀਬਰ ਇੱਛਾ ਜਾਗੀ। ਅੱਗਲੇ ਦਿਨ ਵਿਸ਼ੇਸ਼ ਤੌਰ ਤੇ ਫ਼ਰੀਦਕੋਟ ਜਾ ਕੇ ਭਾਅ ਬਲਦੇਵ ਸਿੰਘ ਬਦਨ ਹੁਰਾਂ ਨਾਲ ਆਪਣੇ ਮਨ ਆਈ ਗੱਲ ਸਾਂਝੀ ਕੀਤੀ...ਤਾਂ ਉਹਨਾਂ ਦੱਸਿਆ ਕਿ ਟਰਸਟ ਵੱਲੋਂ ਇਸਦਾ ਪੰਜਾਬੀ ਅਨੁਵਾਦ ਵੀ ਛਾਪਿਆ ਜਾ ਚੱਕਿਆ ਹੈ, ਪਰ ਇਸ ਸਮੇਂ ਇਸਦਾ ਓਹ ਐਡੀਸ਼ਨ ਖ਼ਤਮ ਹੈ। ਮੇਰੇ ਪੁਰ ਜ਼ੋਰ ਬੇਨਤੀ ਕਰਨ ਉੱਤੇ ਤੇ ਇਸ ਦੇ ਅਨੁਵਾਦ ਲਈ ਜਿਦ ਕਰਨ ਕਰਕੇ ਉਹਨਾਂ ਮੈਨੂੰ ਇਹ ਕਹਿ ਕੇ ਹਲਕੀ ਜਿਹੀ ਸੇਧ-ਸਹਿਮਤੀ ਦੇ ਦਿੱਤੀ ਮੈਂ ਇਦਾਰੇ ਜ਼ਿਕਰ ਦੇ ਧੰਨਵਾਦ ਜ਼ਰੂਰ ਕਰਾਂ। ਤੇ ਮੈਂ ਇਦਾਰਾ ਨੈਸ਼ਨਲ ਬੁਕ ਟਰਸਟ, ਦਿੱਲੀ, ਇਸ ਪੁਸਤਕ ਦੇ ਹਿੰਦੀ ਅਨੁਵਾਦਕ ਸ਼੍ਰੀ ਦ੍ਰੋਣਵੀਰ ਕੋਹਲੀ ਤੇ ਭਾਅ ਬਦਨ ਹੁਰਾਂ ਦਾ ਤਹਿਦਿਲੋਂ ਧੰਨਵਾਦੀ ਹਾਂ ਜਿਹਨਾਂ ਦੀ ਅਨਾਇਤ ਸਦਕਾ ਮੈਂ ਇਸ ਪੁਸਤਕ ਨੂੰ ਆਪਣੇ ਅਨੁਵਾਦਕ ਜੀਵਨ ਕਾਲ (1976-2013) ਦੀ ਬੱਚਿਆਂ ਲਈ ਮੇਰੇ ਅਨੁਵਾਦ ਦੀ ਪਹਿਲੀ ਕ੍ਰਿਤੀ ਵਜੋਂ ਪੇਸ਼ ਕਰਨ ਦਾ ਮਾਣ ਮਹਿਸੂਸ ਕਰ ਰਿਹਾ ਹਾਂ...ਮਹਿੰਦਰ ਬੇਦੀ, ਜੈਤੋ। 
=========================================================

ਪਰ ਮੇਰੇ ਅਨੁਵਾਦ ਦੀਆਂ—'ਕੇਨ ਚਾਚੂ ਤੇ ਸਕੂਲੋਂ ਭੱਜਣਾ' ਇਹਨਾਂ ਦੋਵਾਂ ਕਹਾਣੀਆਂ ਨੂੰ ਇਦਾਰਾ ਨੈਸ਼ਨਲ ਬੁਕ ਟਰਸਟ, ਦਿੱਲੀ ਦੀ ਆਗਿਆ ਤੇ ਸਹਿਮਤੀ ਦੇ ਬਿਨਾਂ ਕਿਤੇ ਹੋਰ ਇਸੇਤਮਾਲ ਨਹੀਂ ਕੀਤਾ ਜਾ ਸਕਦਾ—ਅਨੁ.
=======================================================================

    ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. (ਪੰਜਾਬ)।
    ਮੋਬਾਇਲ : 94177-30600.

No comments:

Post a Comment