8. ਜੈਪੁਰ ਦੇ ਬਾਹਰ ਡਾਕੂਆਂ ਨਾਲ ਮੁੱਠਭੇੜ
ਜਦੋਂ ਤਕ ਅਸੀਂ ਜੈਪੁਰ ਪਹੁੰਚੇ, ਹਨੇਰਾ ਘਿਰ ਆਇਆ ਸੀ। ਇਸ ਲਈ ਅਸੀਂ ਸ਼ਹਿਰ ਜ਼ਿਆਦਾ ਨਹੀਂ ਦੇਖ ਸਕੇ। ਰਾਤ ਅਸੀਂ ਟਰੱਕ ਵਿਚ ਬਿਤਾਈ ਤੇ ਉਸਦੇ ਪਿਛਲੇ ਹਿੱਸੇ ਵਿਚ ਸੁੱਤੇ। ਜੈਪੁਰ ਦੀਆਂ ਰਾਤਾਂ ਠੰਢੀਆਂ ਹੁੰਦੀਆਂ ਨੇ—ਇੱਥੋਂ ਤਕ ਕਿ ਗਰਮੀਆਂ ਵਿਚ ਵੀ ਰਾਤਾਂ ਠੰਢੀਆਂ ਹੋ ਜਾਂਦੀਆਂ ਨੇ। ਗੁਰਨਾਮ ਨੇ ਸਾਨੂੰ ਆਪਣਾ ਬਿਸਤਰਾ ਵੀ ਦਿੱਤਾ। ਗੁਰਨਾਮ ਟਰੱਕ ਵਿਚ ਸੌਣ ਦਾ ਆਦੀ ਸੀ। ਪੈਂਦਾ ਹੀ ਉਹ ਤਾਂ ਸੌਂ ਗਿਆ ਤੇ ਉੱਚੀ-ਉੱਚੀ ਘੁਰਾੜੇ ਮਾਰਨ ਲੱਗ ਪਿਆ, ਪਰ ਦਲਜੀਤ ਤੇ ਮੈਂ ਬੇਚੈਨੀ ਨਾਲ ਪਾਸੇ ਪਰਤਦੇ ਰਹੇ। ਰਾਤ ਨੂੰ ਕਈ ਵਾਰੀ ਉਸਨੇ ਮੇਰੇ ਲੱਤਾਂ ਮਾਰੀਆਂ। ਟਰੱਕ ਦਾ ਫਰਸ਼ ਸਖ਼ਤ ਸੀ ਤੇ ਮੱਝ ਦੀ ਬੋ ਵੀ ਆ ਰਹੀ ਸੀ।
ਅਜੇ ਮੁਸ਼ਕਲ ਨਾਲ ਸਾਡੀ ਅੱਖ ਲੱਗੀ ਹੀ ਸੀ (ਜਾਂ ਸਾਨੂੰ ਸ਼ਾਇਦ ਇੰਜ ਲੱਗਿਆ) ਕਿ ਗੁਰਨਾਮ ਸਿੰਘ ਨੇ ਸਾਨੂੰ ਝੰਜੋੜ ਕੇ ਜਗਾ ਦਿੱਤਾ। ਬੋਲਿਆ ਕਿ ਚਾਰ ਵੱਜਣ ਵਾਲੇ ਨੇ ਤੇ ਅੱਜ ਉਸਨੇ ਲਾਲ ਪੱਥਰ ਲੱਦ ਕੇ ਵਾਪਸ ਜਾਣਾ ਹੈ।
“ਕਿਆ ਜ਼ਿੰਦਗੀ ਏ!” ਉਨੀਂਦਰੇ ਦਲਜੀਤ ਨੇ ਇਕ ਹੱਥ ਨਾਲ ਅੱਖਾਂ ਮਲਦਿਆਂ ਹੋਇਆਂ ਕਿਹਾ, “ਜ਼ਿੰਦਗੀ 'ਚ ਕਦੀ ਡਰਾਈਵਰ ਨਈਂ ਬਣਾਂਗਾ, ਹਰਗਿਜ ਨਈਂ ਬਣਾਂਗਾ।”
“ਓ ਭਰਾ, ਜ਼ਿੰਦਗੀ ਦੇ ਦਿਨ ਤਾਂ ਕੱਟਣੇ ਈ ਪੈਂਦੇ ਨੇ ਕਿਸੇ ਤਰ੍ਹਾਂ।” ਗੁਰਨਾਮ ਸਿੰਘ ਨੇ ਦਾਰਸ਼ਨਿਕਾਂ ਵਾਂਗ ਕਿਹਾ, “ਮੈਨੂੰ ਡਰਾਈਵਿੰਗ ਚੰਗੀ ਲੱਗਦੀ ਏ। ਛੇ ਜਾਂ ਸੱਤ ਸਾਲ ਦਾ ਸੀ, ਜਦੋਂ ਮੈਂ ਡਰਾਈਵਿੰਗ ਸਿੱਖ ਲਈ ਸੀ। ਫੇਰ ਆਮਦਨੀ ਥੋੜ੍ਹੀ ਨਈਂ ਏਂ ਇਸ ਕੰਮ 'ਚ। ਹੁਣ ਜਦੋਂ ਦਿੱਲੀ ਪਹੁੰਚਾਂਗਾ, ਤਾਂ ਦੋ ਦਿਨ ਛੁੱਟੀ ਮਨਾਵਾਂਗਾ ਤੇ ਇਹ ਸਮਾਂ ਆਪਣੇ ਬੀਵੀ-ਬੱਚਿਆਂ ਨਾਲ ਬਿਤਾਵਾਂਗਾ। ਤਾਂ ਦੋਸਤੋ, ਅਲਵਿਦਾ! ਜੇ ਫੇਰ ਕਦੀ ਦਿੱਲੀ ਆਓਂ, ਤਾਂ ਮੈਂ ਤੁਹਾਨੂੰ ਲਾਲ ਕਿਲੇ ਦੀਆਂ ਕੰਧਾਂ ਹੇਠ ਮਿਲਾਂਗਾ।”
ਜਦੋਂ ਉਹ ਟਰੱਕ ਸਟਾਰਟ ਕਰਕੇ ਧੜਧੜਾਉਂਦਾ ਹੋਇਆ ਨਿਕਲਿਆ, ਤਾਂ ਅਸੀਂ ਹੱਥ ਹਿਲਾਏ। ਟਰੱਕ ਕਾਫੀ ਸ਼ੋਰ ਕਰਕੇ ਨਿਕਲਿਆ ਸੀ, ਤੇ ਸ਼ਾਇਦ ਆਸੇ-ਪਾਸੇ ਦੇ ਲੋਕ ਜਾਗ ਪਏ ਸਨ। ਕੁੱਤੇ ਭੌਂਕਣ ਲੱਗ ਪਏ ਸਨ ਤੇ ਇਕ ਮੁਰਗੇ ਨੇ ਬਾਂਗ ਵੀ ਦਿੱਤੀ ਸੀ।
ਅਸੀਂ ਜਿੱਥੇ ਖੜ੍ਹੇ ਸੀ, ਇਹ ਸ਼ਹਿਰ ਦਾ ਬਾਹਰੀ ਹਿੱਸਾ ਸੀ। ਸਾਹਮਣੇ ਹੀ ਇਕ ਵਿਸ਼ਾਲ ਝੀਲ ਦਿਖਾਈ ਦੇ ਰਹੀ ਸੀ। ਦੂਜੇ ਪਾਸੇ ਦੂਰ-ਦੂਰ ਤੱਕ ਖੁੱਲ੍ਹੀ ਜੰਗਲੀ ਭੂਮੀ ਸੀ। ਫੇਰ ਨੰਗੀਆਂ ਪਹਾੜੀਆਂ ਤੇ ਰੇਗਿਸਤਾਨ ਸੀ। ਪਰ ਕੰਡੇਦਾਰ ਝਾੜੀਆਂ ਤੇ ਕਿੱਕਰ ਦੇ ਰੁੱਖਾਂ ਦੇ ਪਿੱਛੇ ਕਿਸੇ ਰਾਜ ਮਹਿਲ ਜਾਂ ਕਿਸੇ ਸ਼ਿਕਾਰਗਾਹ ਦੇ ਖੰਡਰ ਦਿਖਾਈ ਦੇ ਰਹੇ ਸਨ।
“ਚੱਲ, ਉਧਰ ਚੱਲਦੇ ਆਂ!” ਦਲਜੀਤ ਨੇ ਸੁਝਾਅ ਦਿੱਤਾ, “ਝੀਲ 'ਚ ਨਹਾਅ ਕੇ ਥੋੜ੍ਹਾ ਆਰਾਮ ਕਰਦੇ ਆਂ। ਫੇਰ ਬਾਅਦ ਵਿਚ ਸਵੇਰੇ ਸ਼ਹਿਰ ਜਾ ਕੇ ਰੇਲ ਗੱਡੀਆਂ ਬਾਰੇ ਪੁੱਛਗਿੱਛ ਕਰਾਂਗੇ।”
ਅਸੀਂ ਝੀਲ ਦੇ ਕਿਨਾਰੇ-ਕਿਨਾਰੇ ਤੁਰਦੇ ਗਏ। ਦੂਜੇ ਕਿਨਾਰੇ ਤਕ ਪਹੁੰਚ ਵਿਚ ਲਗਭਗ ਅੱਧਾ ਘੰਟਾ ਲੱਗ ਗਿਆ।
ਖੇਤਾਂ ਵਿਚ ਕੋਈ ਆਦਮੀ ਨਹੀਂ ਸੀ। ਹਾਂ, ਇਕ ਊਠ ਖ਼ੂਹ ਦੇ ਗਿਰਦ ਚੱਕਰ ਲਾ ਰਿਹਾ ਸੀ ਤੇ ਛੋਟੀਆਂ-ਛੋਟੀਆਂ ਪੀਪੀਆਂ ਵਿਚੋਂ ਪਾਣੀ ਉਲਦ ਰਿਹਾ ਸੀ। ਇਕ ਪਿੰਡ ਵਿਚੋਂ ਧੂੰਆਂ ਉੱਠ ਰਿਹਾ ਸੀ ਤੇ ਸਵੇਰ ਦੀ ਰੁਕ ਹੋਈ ਹਵਾ ਵਿਚ ਕਿਤੋਂ ਬੰਸਰੀ ਦੀ ਤਾਣ ਵੀ ਸੁਣਾਈ ਦੇ ਰਹੀ ਸੀ।
ਖੰਡਰਾਂ ਤਕ ਪਹੁੰਚਣ ਵਿਚ ਸਾਨੂੰ ਵੀਹ ਮਿੰਟ ਲੱਗ ਗਏ। ਇੰਜ ਲੱਗਦਾ ਸੀ ਉੱਥੇ ਕਦੀ ਕੋਈ ਸ਼ਿਕਾਰਗਾਹ ਹੁੰਦੀ ਹੋਵੇਗੀ, ਜਿਹੜੀ ਕਿਸੇ ਰਾਜੇ ਮਹਾਰਾਜੇ ਨੇ ਉਦੋਂ ਬਣਵਾਈ ਹੋਵੇਗੀ ਜਦੋਂ ਇੱਧਰ ਸ਼ਿਕਾਰ ਦੀ ਬਹੁਤਾਤ ਹੁੰਦੀ ਹੋਵੇਗੀ।
ਸ਼ਿਕਾਰਗਾਹ ਦੇ ਪ੍ਰਵੇਸ਼ ਦਰਵਾਜ਼ੇ ਨੂੰ ਅਣਘੜ ਪੱਥਰਾਂ ਨਾਲ ਬੰਦ ਕਰ ਦਿੱਤਾ ਗਿਆ, ਪਰ ਕੰਧ ਦਾ ਇਕ ਹਿੱਸਾ ਢਹਿ ਚੁੱਕਿਆ ਸੀ। ਅਸੀਂ ਉਸ ਟੁੱਟੀ ਕੰਧ ਦੇ ਮਲਬੇ ਉੱਤੋਂ ਹੁੰਦੇ ਅੰਦਰ ਚਲੇ ਗਏ। ਅੰਦਰ ਪੱਥਰਾਂ ਦਾ ਬਣਿਆਂ ਦਾਲਾਨ ਸੀ। ਉਸ ਦਾਲਾਨ ਦੇ ਐਨ ਵਿਚਕਾਰ ਪੱਥਰਾਂ ਦਾ ਬਣਿਆਂ ਇਕ ਸੁੱਕਾ ਫੁਆਰਾ ਸੀ, ਜਿਹੜਾ ਪਤਾ ਨਹੀਂ ਕਦੋਂ ਦਾ ਬੰਦ ਪਿਆ ਸੀ। ਫੁਆਰੇ ਦੇ ਫਰਸ਼ ਦੀਆਂ ਤਰੇੜਾਂ ਵਿਚ ਛੋਟਾ-ਜਿਹਾ ਪਿੱਪਲ ਉੱਗਿਆ ਹੋਇਆ ਸੀ।
ਦਾਲਾਨ ਪਾਰ ਕਰਕੇ ਅਸੀਂ ਮੁੱਖ ਇਮਾਰਤ ਵੱਲ ਗਏ। ਦਲਜੀਤ ਯਕਦਮ ਰੁਕ ਕੇ ਬੋਲਿਆ, “ਰਸਟੀ! ਤੈਨੂੰ ਕੋਈ ਮਹਿਕ ਆ ਰਹੀ ਏ?”
“ਹਾਂ, ਆ ਤਾਂ ਰਹੀ ਏ।” ਮੈਂ ਕਿਹਾ, “ਲੱਗਦਾ ਏ, ਕਿਤੇ ਮੁਰਗਾ ਰਿੱਝ ਰਿਹਾ ਏ।”
ਅਜਿਹੀ ਜਗ੍ਹਾ ਚਿਕਨ ਕਰੀ ਵਰਗੀ ਚੀਜ਼ ਦੀ ਅਸੀਂ ਕਲਪਨਾ ਵੀ ਨਹੀਂ ਸੀ ਕਰ ਸਕਦੇ। ਇਸਦਾ ਮਤਲਬ ਇਹ ਸੀ ਕਿ ਖੰਡਰਾਂ ਵਿਚ ਕੋਈ ਰਹਿੰਦਾ ਹੈ। ਮੈਂ ਹੈਰਾਨੀ ਵਿਚ ਪਿਆ ਸੋਚ ਹੀ ਰਿਹਾ ਸੀ ਕਿ ਕਿਉਂ ਨਾ ਇੱਥੋਂ ਮੁੜ ਜਾਈਏ, ਪਰ ਜੁਗਿਆਸਾ ਨੇ ਜਿਵੇਂ ਸਾਡੇ ਪੈਰ ਜਕੜ ਲਏ ਸੀ! ਇਕ ਤਾਂ ਜੁਗਿਆਸਾ, ਉੱਤੋਂ ਚਿਕਨ ਦੀ ਮਹਿਕ! ਸੋ, ਅਸੀਂ ਦੋਵੇਂ ਅੱਗੇ ਵਧੇ। ਧੁੱਪ ਵਿਚ ਨਹਾਇਆ ਦਾਲਾਨ ਪਾਰ ਕਰਕੇ ਅਸੀਂ ਇਕ ਵਰਾਂਡੇ ਦੀ ਛਾਂ ਵਿਚ ਜਾ ਕੇ ਖੜ੍ਹੇ ਹੋ ਗਏ। ਉੱਥੇ ਇਕ ਦਰਵਾਜ਼ਾ ਸੀ, ਜਿਹੜਾ ਇਕ ਹਨੇਰੇ ਕਮਰੇ ਦਾ ਸੀ ਤੇ ਉਸਦੇ ਅੰਦਰੋਂ ਬਣ ਰਹੀ ਸਬਜੀ ਦੀ ਮਹਿਕ ਆ ਰਹੀ ਸੀ। ਅਸੀਂ ਇਕ ਅਣਜਾਣੇ, ਰਹੱਸ ਨਾਲ ਭਰੇ ਦੁਚਿੱਤੀ ਵਿਚ ਫਸੇ ਥਾਵੇਂ ਖੜ੍ਹੇ ਦੇਖ ਰਹੇ ਸੀ।
“ਚੱਲ, ਅੱਗੇ ਵਧ!” ਦਲਜੀਤ ਨੇ ਕਿਹਾ।
“ਤੂੰ ਵੀ ਚੱਲ!” ਮੈਂ ਕਿਹਾ।
ਅਸੀਂ ਦੋਵੇਂ ਇਕੱਠੇ ਕਮਰੇ ਵਿਚ ਵੜ ਗਏ। ਪਰ ਉੱਥੇ ਕੋਈ ਨਹੀਂ ਸੀ। ਕਮਰਾ ਖਾਲੀ ਪਿਆ ਸੀ।
ਇਕ ਕੋਨੇ ਵਿਚ ਚੁੱਲ੍ਹਾ ਸੀ ਤੇ ਚੁੱਲ੍ਹੇ ਉੱਤੇ ਇਕ ਹਾਂਡੀ ਧਰੀ ਹੋਈ ਸੀ, ਜਿਸ ਵਿਚ ਕੋਈ ਚੀਜ਼ ਬਣ ਰਹੀ ਸੀ ਪਰ ਬਣਾਉਣ ਵਾਲਾ ਕਿੱਧਰੇ ਨਜ਼ਰ ਨਹੀਂ ਸੀ ਆ ਰਿਹਾ।
ਮੈਂ ਬੜੀ ਸਵਾਧਾਨੀ ਨਾਲ ਚੁੱਲ੍ਹੇ ਵੱਲ ਕਦਮ ਵਧਾਏ। ਜਾ ਕੇ ਹਾਂਡੀ ਦਾ ਢੱਕਣ ਚੁੱਕਿਆ ਤੇ ਸੁੰਘਿਆ। ਸੱਚਮੁੱਚ ਚਿਕਨ ਕਰੀ ਸੀ। ਸ਼ਹਿਰ ਦੀ ਆਬਾਦੀ ਤੋਂ ਏਨੀ ਦੂਰ ਇਹ ਸ਼ਿਕਾਰਗਾਹ ਦੇ ਖੰਡਰ, ਤੇ ਉੱਥੇ ਬਣਦੀ ਹੋਈ ਮੁਰਗੀ! ਅਸੀਂ ਹੈਰਾਨ ਸੀ—ਇੱਥੇ ਇਹ ਸਭ ਕਿਵੇਂ? ਆਸੇ-ਪਾਸੇ ਕੋਈ ਹੋਰ ਭਾਂਡਾ ਵੀ ਨਹੀਂ ਸੀ ਇਸ ਲਈ ਮੈਂ ਚੁੱਲ੍ਹੇ ਉੱਤੇ ਪਈ ਹਾਂਡੀ ਵਿਚ ਹੱਥ ਪਾਇਆ। ਇਕ ਬੋਟੀ ਕੱਢ ਕੇ ਉਸ ਵਿਚ ਦੰਦ ਗੱਡਨ ਲੱਗਿਆ ਤਾਂ ਅਚਾਨਕ ਪਿਛਲੇ ਪਾਸਿਓਂ ਦੋ ਮਜ਼ਬੂਤ ਹੱਥਾਂ ਨੇ ਮੈਨੂੰ ਦਬੋਚ ਕੇ ਉਪਰ ਚੁੱਕ ਲਿਆ।
ਮੈਂ ਏਨੀ ਉੱਚੀ ਚੀਕਿਆ ਕਿ ਮੇਰੇ ਹੱਥੋਂ ਬੋਟੀ ਛੁੱਟ ਗਈ। ਮੈਂ ਉਸ ਆਦਮੀ ਦੀ ਪਕੜ ਵਿਚੋਂ ਨਿਕਲਣ ਦੀ ਪੂਰੀ ਕੋਸ਼ਿਸ਼ ਕੀਤੀ,ਪਰ ਉਸਦੀਆਂ ਬਾਹਾਂ ਬੜੀਆਂ ਤਾਕਤਵਰ ਸਨ। ਉਹ ਬਾਹਾਂ ਕਿਸੇ ਦਿਓ-ਦਾਨਵ ਦੀਆਂ ਨਹੀਂ ਬਲਕਿ ਮਨੁੱਖ ਦੀਆਂ ਹੀ ਸਨ। ਇਹ ਮੈਂ ਉਸਦੀਆਂ ਬਾਹਾਂ ਉੱਤੇ ਕਾਲੇ-ਕਾਲੇ ਵਾਲ ਦੇਖ ਕੇ ਸਮਝ ਗਿਆ। ਛੁੱਟਣ ਲਈ ਮੈਂ ਬੜੇ ਹੱਥ-ਪੈਰ ਮਾਰੇ, ਪਰ ਉਦੋਂ ਹੀ ਇਕ ਹੋਰ ਆਦਮੀ ਦਾ ਪ੍ਰਛਾਵਾਂ ਮੇਰੇ ਸਾਹਮਣੇ ਪ੍ਰਗਟ ਹੋਇਆ ਤੇ ਉਸਨੇ ਆਉਂਦਿਆਂ ਹੀ ਮੇਰੀਆਂ ਲੱਤਾਂ ਫੜ੍ਹ ਲਈਆਂ। ਉੱਧਰ ਦਲਜੀਤ ਵੀ ਕਿਸੇ ਦੀ ਪਕੜ ਵਿਚ ਛਟਪਟਾ ਰਿਹਾ ਸੀ। ਮੈਂ ਚੀਕ ਕੇ ਉਸਨੂੰ ਕੁਝ ਕਹਿਣਾ ਚਾਹਿਆ, ਪਰ ਕਿਸੇ ਤੀਜੇ ਰਹੱਸਮਈ ਆਦਮੀ ਨੇ ਆ ਕੇ ਮੇਰੇ ਮੂੰਹ ਵਿਚ ਮੈਲਾ ਕੱਪੜਾ ਤੁੰਨ ਦਿੱਤਾ। ਮੇਰੇ ਦੋਵੇਂ ਹੱਥ ਵੀ ਉਸਨੇ ਫੜ੍ਹ ਲਏ, ਤੇ ਫੇਰ ਮੇਰੇ ਦੋਵਾਂ ਪੈਰਾਂ ਨੂੰ ਰੱਸੀ ਨਾਲ ਨੂੜ ਦਿੱਤਾ ਗਿਆ। ਇਸ ਤਰ੍ਹਾਂ ਮੇਰੀਆਂ ਮੁਸ਼ਕਾਂ ਕਸ ਕੇ ਉਹਨਾਂ ਨੇ ਮੈਨੂੰ ਜ਼ਮੀਨ ਉੱਤੇ ਮੂਧੇ ਮੂੰਹ ਸੁੱਟ ਦਿੱਤਾ। ਮੈਂ ਦੇਖਿਆ, ਕਮਰੇ ਦੇ ਦੂਜੇ ਕੋਨੇ ਵਿਚ ਪਏ ਦਲਜੀਤ ਦੀ ਵੀ ਇਹੋ ਦੁਰਦਸ਼ਾ ਸੀ। ਅਸੀਂ ਬਿਲਕੁਲ ਲਾਚਾਰ ਸੀ। ਕਮਰੇ ਵਿਚ ਘੱਟੋਘੱਟ ਪੰਜ ਆਦਮੀ ਸਨ।
“ਛੋਟਾ ਜਿਹਾ ਛੋਹਰ ਏ!” ਇਕ ਆਦਮੀ ਨੇ ਮੇਰੇ ਉੱਤੇ ਝੁਕ ਕੇ ਮੇਰੇ ਚਿਹਰੇ ਦਾ ਨਰੀਖਣ ਕਰਦਿਆਂ ਹੋਇਆਂ ਆਪਣੀ ਬੋਲੀ ਵਿਚ ਇਹ ਗੱਲ ਕਹੀ। ਅਚਰਜ ਦੀ ਗੱਲ ਸੀ ਕਿ ਮੈਂ ਉਸਦੀ ਬੋਲੀ ਸਮਝ ਗਿਆ! ਹਨੇਰੇ ਵਿਚ ਮੈਂ ਉਸਦਾ ਚਿਹਰਾ-ਮੋਹਰਾ ਤਾਂ ਨਹੀਂ ਪਛਾਣ ਸਕਿਆ, ਪਰ ਇਹ ਜ਼ਰੂਰ ਸਮਝ ਗਿਆ ਕਿ ਉਹ ਦਾੜ੍ਹੀ ਵਾਲਾ ਹੈ, ਕਿਉਂਕਿ ਮੇਰੀ ਗਰਦਨ ਉੱਤੇ ਉਸਦੇ ਵਾਲ ਚੁਭ ਰਹੇ ਸਨ। ਉਸਦੇ ਸਾਹਾਂ ਵਿਚੋਂ ਲਸਣ ਦੀ ਬੋ ਵੀ ਆ ਰਹੀ ਸੀ।
“ਛੋਹਰ ਹੋਵੇ ਜਾਂ ਛੋਹਰੀ, ਜਾਂ ਆਦਮੀ,” ਕੋਈ ਕਹਿ ਰਿਹਾ ਸੀ, “ਜੀਹਨੇ ਵੀ ਸਾਡੇ ਖਾਣੇ ਨੂੰ ਹੱਥ ਪਾਇਆ ਏ, ਉਸਦੀ ਮੰਜਾਈ ਹੋਣੀ ਚਾਹੀਦੀ ਏ।”
“ਇਸ ਛੋਹਰ ਦਾ ਰੰਗ ਤਾਂ ਕਾਫੀ ਗੋਰਾ ਏ,” ਦਾੜ੍ਹੀ ਵਾਲਾ ਆਦਮੀ ਕਹਿ ਰਿਹਾ ਸੀ।
“ਕੋਈ ਵਿਦੇਸ਼ੀ ਏ ਕਿ?”
“ਨਈਂ, ਅੱਧਾ ਦੇਸੀ ਅੱਧਾ ਵਿਦੇਸ਼ੀ ਏ। ਇਹਨਾਂ ਨੂੰ ਦਾਲਾਨ 'ਚ ਲੈ ਚੱਲਦੇ ਆਂ। ਉੱਥੇ ਚੰਗੀ ਤਰ੍ਹਾਂ ਦੇਖ ਸਕਾਂਗੇ।”
“ਨਈਂ-ਨਈਂ, ਓਥੇ ਠੀਕ ਨਈਂ! ਜੇ ਪਿੰਡ ਵਾਲਿਆਂ ਨੇ ਓਥੇ ਸਾਨੂੰ ਦੇਖ ਲਿਆ, ਤਾਂ ਜਲਦੀ ਈ ਗੱਲ ਫ਼ੈਲ ਜਾਵੇਗੀ। ਅਸੀਂ ਇਸ ਜਗ੍ਹਾ ਦਾ ਇਸਤੇਮਾਲ ਫੇਰ ਵੀ ਕਰਨਾ ਏਂ।”
“ਤਾਂ ਫੇਰ ਲਾਲਟੈਨ ਬਾਲ।”
ਜਿਹੜਾ ਆਦਮੀ ਮਿੱਟੀ ਦੇ ਤੇਲ ਵਾਲੀ ਲਾਲਟੈਨ ਬਾਲ ਰਿਹਾ ਸੀ, ਉਹ ਕਮਰੇ ਵਿਚ ਸਭ ਤੋਂ ਨਰੋਏ ਜੁੱਸੇ ਦਾ ਸੀ। ਲਾਲਟੈਨ ਦੀ ਬੱਤੀ ਦਾ ਚਾਨਣ ਫ਼ੈਲਿਆ ਤਾਂ ਉਸਦਾ ਵਿਸ਼ਾਲ ਪ੍ਰਛਾਵਾਂ ਕੰਧ ਉੱਤੇ ਪੈਣ ਲੱਗਾ। ਇਹ ਆਦਮੀ ਦਿਓ ਵਰਗਾ ਲੱਗਦਾ ਸੀ—ਛੇ ਫੁੱਟ ਤੋਂ ਵੀ ਕਈ ਇੰਚ ਲੰਮਾਂ ਕੱਦ ਸੀ ਉਸਦਾ। ਛਾਤੀ ਨੰਗੀ ਸੀ ਤੇ ਸਿਰ ਦੇ ਵਾਲ ਛੋਟੇ-ਛੋਟੇ ਸਨ। ਉਸਦੀਆਂ ਮਾਸਪੇਸ਼ੀਆਂ ਲੋਹੇ ਦੇ ਡਲਿਆਂ ਵਾਂਗ ਉਭਰੀਆਂ ਹੋਈਆਂ ਸਨ। ਦਾੜ੍ਹੀ ਵਾਲੇ ਦੇ ਪਿੱਛੇ ਖੜ੍ਹਾ ਆਦਮੀ ਸ਼ਾਇਦ ਹੁਕਮ ਦੇ ਰਿਹਾ ਸੀ। ਮੈਂ ਅਜੇ ਤਕ ਉਸਨੂੰ ਦੇਖਿਆ ਨਹੀਂ ਸੀ।
“ਇਸ ਨੂੰ ਪਲਟ ਕੇ ਸਿੱਧਾ ਕਰ। ਦੇਖੀਏ, ਕੌਣ ਏ?” ਉਹ ਬੋਲਿਆ।
ਉਸ ਦਿਓ ਨੇ ਮੈਨੂੰ ਜ਼ਮੀਨ ਉੱਤੇ ਰੇੜ੍ਹ ਕੇ ਸਿੱਧਾ ਕਰ ਦਿੱਤਾ ਤੇ ਮੈਂ ਪਿਆ-ਪਿਆ ਕਾਲੀ ਛੱਤ ਵੱਲ ਮਜਲੂਮਾਂ ਵਾਂਗ ਦੇਖਣ ਲੱਗਾ।
ਤਿੰਨ ਚਿਹਰੇ ਮੈਨੂੰ ਘੂਰ ਰਹੇ ਸਨ। ਮੇਰੇ ਮੂੰਹ ਵਿਚ ਕੱਪੜਾ ਤੁੰਨਿਆਂ ਹੋਇਆ ਸੀ, ਮੁਸ਼ਕਾਂ ਕਸੀਆਂ ਹੋਈਆਂ ਸਨ ਤੇ ਉਹਨਾਂ ਦੀ ਦਇਆ ਉੱਤੇ ਨਿਰਭਰ ਮੈਂ, ਭੈ ਦਾ ਮਾਰਿਆ ਥਰਥਰ ਕੰਬ ਰਿਹਾ ਸੀ। ਉਹਨਾਂ ਦੀ ਸ਼ਕਲ-ਸੂਰਤ ਅਪਰਾਧੀਆਂ ਵਰਗੀ ਲੱਗਦੀ ਸੀ। ਸ਼ਾਇਦ ਡਾਕੂ ਸਨ, ਤੇ ਖੰਡਰਾਂ ਦਾ ਇਸਤੇਮਾਲ ਲੁਕਣ-ਛਿਪਣ ਲਈ ਕਰਦੇ ਸਨ।
ਦਾੜ੍ਹੀ ਵਾਲੇ ਦੇ ਜਬਾੜੇ ਦੀਆਂ ਹੱਡੀਆਂ ਉਭਰੀਆਂ ਹੋਈਆਂ ਸਨ ਤੇ ਅੱਖਾਂ ਭੈਂਗੀਆਂ ਸਨ। ਹਾਲਾਂਕਿ ਉਸ ਦਿਓ ਵਰਗੇ ਆਦਮੀ ਦੀ ਨੱਕ ਚੌੜੀ ਸੀ ਤੇ ਬੁੱਲ੍ਹ ਵੀ ਮੋਟੇ ਸਨ, ਪਰ ਉਸਦਾ ਚਿਹਰਾ ਕਰੂਰ ਨਹੀਂ ਸੀ ਲੱਗਦਾ। ਇਹ ਤਾਂ ਤੀਜਾ ਆਦਮੀ ਸੀ, ਜਿਸਦਾ ਚਿਹਰਾ ਦੇਖ ਕੇ ਮੈਂ ਸਹਿਮ ਗਿਆ ਸੀ। ਉਹ ਖਾਸ ਉੱਚਾ-ਲੰਮਾਂ ਵੀ ਨਹੀਂ ਸੀ ਤੇ ਨਾ ਹੀ ਕਰੂਪ ਸੀ। ਦਰਅਸਲ ਉਹ ਥੋੜ੍ਹਾ ਮਧਰੇ ਕੱਦ ਦਾ ਸੀ ਤੇ ਮੇਰੇ ਵੱਲ ਦੇਖਦਾ ਹੋਇਆ ਹੌਲੀ-ਹੌਲੀ ਮੁਸਕੁਰਾ ਰਿਹਾ ਸੀ। ਪਰ ਉਸਦੀ ਮੁਸਕਰਾਹਟ ਅਜਿਹੀ ਸੀ ਕਿ ਮੇਰੇ ਸਾਰੇ ਸਰੀਰ ਨੂੰ ਇਕ ਧੁੜਧੁੜੀ ਜਿਹੀ ਆਈ।
ਉਹ ਸਧੀ ਆਵਾਜ਼ ਵਿਚ ਕਹਿ ਰਿਹਾ ਸੀ, “ਮੁੰਡਿਆ, ਤੂੰ ਸਾਡੀ ਮੁਰਗੀ ਖਾਣ ਦੀ ਕੋਸ਼ਿਸ਼ ਕਰਕੇ ਠੀਕ ਨਈਂ ਕੀਤਾ। ਵਿਚਾਰਾ 'ਭੰਮੀਰੀ' ਕਿੰਨੀ ਮਿਹਨਤ ਨਾਲ ਚੁਰਾਅ ਕੇ ਲਿਆਇਆ ਸੀ ਇਹ ਮੁਰਗੀ!”
“ਓ-ਜੀ, ਅੱਧੀ ਰਾਤ ਨੂੰ ਗਿਆ ਸੀ।” ਉਹ ਦਿਓ ਬੋਲ ਪਿਆ। ਇਹ ਅਦਭੁਤ ਨਾਂ 'ਭੰਮੀਰੀ' ਉਸੇ ਦਾ ਸੀ। ਭੰਮੀਰੀ ਯਾਨੀ ਕਿ ਫਿਰਕੀ ਜਾਂ ਲਾਟੂ। ਉਹ ਕਹਿ ਰਿਹਾ ਸੀ, “ਖੇਤਾਂ 'ਚ ਮੇਰੇ ਪਿੱਛੇ ਤਿੰਨ ਕੁੱਤੇ ਤੇ ਅੱਧਾ ਪਿੰਡ ਪੈ ਗਿਆ ਸੀ, ਪਰ ਮੈਂ ਖ਼ੂਬ ਘਚਾਨੀ ਦਿੱਤੀ ਉਹਨਾਂ ਨੂੰ। ਚਕਮਾ ਦੇ ਕੇ ਨਿਕਲ ਆਇਆ।” ਇਹ ਕਹਿੰਦਿਆਂ-ਕਹਿੰਦਿਆਂ ਉਸਨੇ ਖੀਂ-ਖੀਂ ਕਰਦੇ ਦੰਦੀਆਂ ਕੱਢ ਵਿਖਾਈਆਂ।
“ਦਿਲਲਗੀ ਛੱਡ!” ਦਾੜ੍ਹੀ ਵਾਲਾ ਸ਼ੱਕੀ ਆਵਾਜ਼ ਵਿਚ ਬੋਲ ਰਿਹਾ ਸੀ, “ਮੁਰਗੀ ਦਾ ਏਨਾਂ ਮਹੱਤਵ ਨਈਂ—ਸਵਾਲ ਤਾਂ ਇਹ ਆ ਕਿ ਇਹ ਲੋਕ ਏਥੇ ਆਏ ਕਿਓਂ? ਤੈਨੂੰ ਕੀ ਲੱਗਦਾ ਏ, ਇਹ ਸਾਡੇ ਬਾਰੇ 'ਚ ਕੁਛ ਜਾਣਦੇ ਨੇ?”
“ਇਹਨਾਂ ਤੋਂ ਈ ਪੁੱਛਦੇ ਆਂ।” ਮਧਰੇ ਕੱਦ ਤੇ ਡਰਾਵਨੀ ਸ਼ਕਲ ਵਾਲਾ ਆਦਮੀ ਬੋਲਿਆ। ਏਨਾ ਕਹਿਣ ਸਾਰ ਉਹ ਮੇਰੇ ਉੱਤੇ ਝੁਕਿਆ ਤੇ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਲੱਗਾ। ਫੇਰ ਮੇਰੇ ਮੂੰਹ ਵਿਚੋਂ ਉਸਨੇ ਕੱਪੜਾ ਕੱਢਿਆ। ਕੱਪੜਾ ਨਿਕਲਦਿਆਂ ਹੀ ਮੇਰੇ ਹੇਠਲੇਂ ਦੰਦਾਂ ਵਿਚ ਕੋਈ ਠੰਢੀ, ਸਖ਼ਤ-ਜਿਹੀ ਚੀਜ਼ ਚੁਭੀ। ਇੰਜ ਜਿਵੇਂ ਕੋਈ ਦੰਦਾਂ ਦਾ ਡਾਕਟਰ ਰੋਗੀ ਦੇ ਦੰਦਾਂ ਦੀ ਮੁੱਢਲੀ ਜਾਂਚ ਕਰ ਰਿਹਾ ਹੋਵੇ। ਪਰ ਇਹ ਮਧਰਾ, ਮਨਹੂਸ ਤੇ ਡਰਾਵਨੀ ਸ਼ਕਲ ਵਾਲਾ ਆਦਮੀ ਇਹ ਕੰਮ ਕਟਾਰ ਦੀ ਨੋਕ ਨਾਲ ਕਰ ਰਿਹਾ ਸੀ।
“ਖ਼ਬਰਦਾਰ, ਬਿਨਾਂ ਇਜਾਜ਼ਤ ਦੇ ਕੁਛ ਬੋਲਿਆ ਜਾਂ ਚੀਕਿਆ!” ਉਹ ਗੁਰਰਾਇਆ। ਫੇਰ ਕਟਾਰ ਕੱਢ ਕੇ ਪਿੱਛੇ ਹਟ ਗਿਆ, “ਇਸਨੂੰ ਜ਼ਰਾ ਬੈਠਾਅ ਦੇਅ।...ਠੀਕ! ਮੇਰੀ ਗੱਲ ਸਮਝ ਲਈ ਤੂੰ?”
“ਮੇਰੀਆਂ ਵੀਣੀਆਂ ਦੁਖ ਰਹੀਆਂ ਨੇ।” ਮੈਂ ਬੋਲਿਆ।
ਭੰਮੀਰੀ ਮੇਰੀਆਂ ਬਾਹਾਂ ਦੇ ਬੰਨ੍ਹਣ ਖੋਲ੍ਹਣ ਲਈ ਅੱਗੇ ਨੂੰ ਹੋਇਆ, ਪਰ ਉਸਦਾ ਸਰਦਾਰ ਬੋਲ ਪਿਆ, “ਬੇਵਕੂਫ਼ਾ, ਨਾ ਖੋਲ੍ਹ!” ਤੇ ਦਿਓ ਪਿੱਛੇ ਹਟ ਗਿਆ।
“ਹਾਂ, ਹੁਣ ਦੱਸ, ਇੱਥੇ ਕੀ ਕਰ ਰਹੇ ਸੀ?”
“ਸੁਸਤਾਉਣ ਲਈ ਜਗ੍ਹਾ ਲੱਭ ਰਹੇ ਸੀ।” ਮੈਂ ਕਿਹਾ।
“ਜ਼ਰਾ ਇਸਦੀ ਬਾਂਹ ਮਰੋੜ, ਭੰਮੀਰੀ।”
ਮੈਂ ਨਹੀਂ ਸਮਝਦਾ ਸੀ ਕਿ ਦਿਓ ਮੇਰੀ ਬਾਂਹ ਨੂੰ ਏਨੇ ਜ਼ੋਰ ਨਾਲ ਮਰੋੜਨਾਂ ਚਾਹੁੰਦਾ ਸੀ। ਪਰ ਉਸਦੇ ਹਲਕੇ-ਜਿਹੇ ਝਟਕੇ ਨਾਲ ਮੇਰੀ ਚੀਕ ਨਿਕਲ ਗਈ। ਸਪਸ਼ਟ ਸੀ, ਜ਼ਿੰਦਗੀ ਵਿਚ ਉਹ ਕਦੀ ਪਹਿਲਵਾਨੀ ਕਰਦਾ ਰਿਹਾ ਹੋਵੇਗਾ।
“ਝੂਠ ਨਾ ਬੋਲ!” ਸਰਦਾਰ ਨੇ ਕਿਹਾ, “ਝੂਠ ਬੋਲਣਾ ਬੜਾ ਦੁਖਦਾਈ ਹੁੰਦਾ ਏ, ਸਮਝਿਆ! ਤੁਸੀਂ ਸਾਡੀ ਜਾਸੂਸੀ ਕਰ ਰਹੇ ਸੀ?”
“ਅਸੀਂ ਕੁਛ ਨਹੀਂ ਜਾਣਦੇ ਤੁਹਾਡੇ ਬਾਰੇ 'ਚ।” ਮੈਂ ਸਹਿਮੀ ਹੋਈ ਆਵਾਜ਼ ਵਿਚ ਕਿਹਾ, “ਅਸੀਂ ਤਾਂ ਜੈਪੁਰ 'ਚ ਇਕ ਰਾਤ ਤੋਂ ਈ ਆਂ।”
“ਇਹ ਮੁੰਡੇ ਜਾਸੂਸ ਨਈਂ ਲੱਗਦੇ,” ਦਾੜ੍ਹੀ ਵਾਲੇ ਨੇ ਕਿਹਾ, “ਐਵੇਂ ਛੋਹਰ-ਛੰਡੇ ਈ ਨੇ।”
“ਅਸੀਂ ਸਮੁੰਦਰ ਵੱਲ ਜਾ ਰਹੇ ਆਂ,” ਮੈਂ ਕਿਹਾ, “ਸਾਡੇ ਕੋਲ ਪੈਸੇ ਵੀ ਬਹੁਤੇ ਨਹੀਂ।”
“ਇਸੇ ਲਈ ਸਾਡਾ ਖਾਣਾ ਚੁਰਾਉਣਾ ਚਾਹੁੰਦੇ ਸੀ?” ਭੰਮੀਰੀ ਨੇ ਕੁਰਖ਼ਤ ਆਵਾਜ਼ ਵਿਚ ਕਿਹਾ। ਲੱਗਦਾ ਸੀ ਉਸਨੂੰ ਓਨੀਂ ਚਿੰਤਾ ਸਾਡੇ ਪੁਲਸ ਦੇ ਜਾਸੂਸ ਹੋਣ ਦੀ ਨਹੀਂ ਸੀ ਜਿੰਨੀ ਕਿ ਆਪਣੇ ਖਾਣੇ ਦੀ।
ਮਧਰਾ ਆਦਮੀ ਕਹਿ ਰਿਹਾ ਸੀ, “ਦੇਖਦੇ ਆਂ ਇਹਨਾਂ ਕੋਲ ਕੋਈ ਪੈਸਾ-ਧੇਲਾ ਵੀ ਏ ਜਾਂ ਨਈਂ।” ਉਸਨੇ ਮੇਰੀਆਂ ਜੇਬਾਂ ਦੀ ਤਲਾਸ਼ੀ ਲਈ ਤੇ ਮੇਰੇ ਕੋਲੋਂ ਜਿਹੜੇ ਥੋੜ੍ਹੇ-ਬਹੁਤੇ ਨੋਟ ਤੇ ਭਾਣ ਸੀ, ਸਭ ਕੱਢ ਲਈ। ਫੇਰ ਉਹ ਦਲਜੀਤ ਕੋਲ ਗਿਆ, ਜਿਸਦੇ ਮੂੰਹ ਵਿਚ ਹੁਣ ਵੀ ਕੱਪੜਾ ਤੁੰਨਿਆਂ ਹੋਇਆ ਸੀ। ਉਹ ਬੇਵੱਸ-ਜਿਹਾ ਹੋਇਆ ਪਿਆ ਸੀ। ਮਧਰੇ ਆਦਮੀ ਨੇ ਜਾ ਕੇ ਉਸਦਾ ਬਟੁਆ ਕੱਢਿਆ ਤੇ ਖੋਲ੍ਹ ਕੇ ਦੇਖਿਆ। ਬੋਲਿਆ, “ਤੀਹ-ਚਾਲੀ ਰੁਪਈਏ ਨੇ।” ਉਸਨੇ ਸਾਰੀ ਰਕਮ ਆਪਣੀਆਂ ਜੇਬਾਂ ਵਿਚ ਪਾ ਲਈ।
“ਇਹਨਾਂ ਨੂੰ ਜਾਣ ਦਿਆਂ ਹੁਣ?” ਭੰਮੀਰੀ ਨੇ ਪੁੱਛਿਆ।
“ਨਈਂ ਬੇਵਕੂਫ਼ਾ! ਰੌਲਾ ਪਾ ਦੇਣਗੇ ਛੋਹਰ। ਜਿਹੜਾ ਥੋੜ੍ਹਾ ਖਾਣਾ ਬਚਿਆ ਏ ਉਸਨੂੰ ਜਲਦੀ-ਜਲਦੀ ਨਿਪਟਾਓ ਤੇ ਫੇਰ ਏਥੋਂ ਚੱਲਦੇ ਬਣੋ।”
ਇਸ ਤਰ੍ਹਾਂ ਅਸੀਂ ਉੱਥੇ ਲਗਭਗ ਪੰਦਰਾਂ ਮਿੰਟ ਪਏ ਰਹੇ। ਸਾਡੀਆਂ ਮੁਸ਼ਕਾਂ ਕਸੀਆਂ ਹੋਈਆਂ ਸਨ। ਡਾਕੂ ਜਲਦੀ-ਜਲਦੀ ਖਾਣਾ ਤੂਸੀ ਜਾ ਰਹੇ ਸੀ। ਉਹ ਆਪਣੇ ਪਿੱਛੇ ਕੁਝ ਵੀ ਛੱਡ ਕੇ ਨਹੀਂ ਸੀ ਜਾਣਾ ਚਾਹੁੰਦੇ। ਜਦੋਂ ਉਹ ਖਾ ਚੁੱਕੇ, ਤਾਂ ਉਂਗਲਾਂ ਚੱਟਦੇ ਹੋਏ ਡਕਾਰਾਂ ਮਾਰਨ ਲੱਗੇ। ਭੰਮੀਰੀ ਨੇ ਬੜੇ ਜ਼ੋਰ ਦਾ ਡਕਾਰ ਮਾਰਿਆ। ਡਕਾਰ ਉਸਦੇ ਢਿੱਡ ਦੀ ਡੂੰਘਿਆਈ ਵਿਚੋਂ ਆਇਆ ਜਾਪਦਾ ਸੀ ਤੇ ਉਪਰ ਆਉਂਦਾ-ਆਉਂਦਾ ਗੁਰੂ-ਗੰਭੀਰ ਆਵਾਜ਼ ਵਿਚ ਸਾਰੇ ਕਮਰੇ ਵਿਚ ਇਸ ਤਰ੍ਹਾਂ ਗੂੰਜਿਆ ਸੀ ਜਿਵੇਂ ਕੋਈ ਘੰਟਾ ਵੱਜ ਰਿਹਾ ਹੋਵੇ। ਮਧਰੇ ਡਾਕੂ ਨੇ ਭੱਦੇ ਤਰੀਕੇ ਨਾਲ ਡਕਾਰ ਮਾਰੀ।
“ਇਹਨਾਂ ਨੂੰ ਏਥੇ ਪਿਆ ਰਹਿਣ ਦਿਓ,” ਉਹ ਮੇਰੇ ਵੱਲ ਮੱਕਾਰ ਨਿਗਾਹਾਂ ਨਾਲ ਦੇਖਦਾ ਹੋਇਆ ਮਿੰਨ੍ਹਾਂ-ਮਿੰਨ੍ਹਾਂ ਮੁਸਕਰਾਇਆ, “ਜਿੰਨਾਂ ਚਾਹੋਂ ਸੁਸਤਾ ਲਓ ਏਥੇ। ਦੋ-ਇਕ ਦਿਨ ਤਾਂ ਕਿਸੇ ਨੂੰ ਪਤਾ ਈ ਨਈਂ ਲੱਗੇਗਾ।...ਗੋਰੇ ਛੋਹਰ ਦਾ ਮੂੰਹ ਫੇਰ ਬੰਦ ਕਰ ਦੇਅ, ਭੰਮੀਰੀ!”
ਲੰਮੀ ਚੌੜੀ ਦੇਹ ਵਾਲਾ ਦਿਓ ਹੁਣ ਮੇਰੇ ਉੱਤੇ ਝੁਕਿਆ, ਤਾਂ ਲਾਲਟੈਨ ਦੀ ਰੌਸ਼ਨੀ ਕੰਬਣ ਲੱਗ ਪਈ। ਹਾਲਾਂਕਿ ਹਨੇਰਾ ਸੀ, ਫੇਰ ਵੀ ਮੈਂ ਉਸਦੀਆਂ ਅੱਖਾਂ ਵਿਚ ਹਮਦਰਦੀ ਦੀ ਟਿਮਟਿਮਾਹਟ ਦੇਖੀ। । ਉਸਨੇ ਗੰਦਾ ਕੱਪੜਾ ਫੇਰ ਮੇਰੇ ਮੂੰਹ ਵਿਚ ਤੁੰਨ ਦਿੱਤਾ ਤੇ ਉੱਤੇ ਕੱਪੜਾ ਵੀ ਕੱਸ ਕੇ ਬੰਨ੍ਹ ਦਿੱਤਾ। ਤੇ ਫੇਰ, ਹਨੇਰੇ ਦੀ ਓਟ ਵਿਚ ਉਹ ਚੁੱਪਚਾਪ ਆਪਣਾ ਹੱਥ ਮੇਰੀ ਪਿੱਠ ਪਿੱਛੇ ਲੈ ਗਿਆ ਤੇ ਕਾਹਲ ਨਾਲ ਮੇਰੀ ਰੱਸੀ ਦੀ ਗੰਢ ਢਿੱਲੀ ਕਰ ਦਿੱਤੀ।
“ਠੀਕ ਏ, ਹੁਣ ਨਿਕਲ ਚੱਲੋ।” ਸਰਦਾਰ ਬੋਲਿਆ।
ਉਹ ਕਮਰੇ ਵਿਚੋਂ ਬਾਹਰ ਨਿਕਲ ਗਿਆ। ਪਿੱਛੇ-ਪਿੱਛੇ ਦੂਜੇ ਡਾਕੂ ਵੀ ਨਿਕਲ ਗਏ। ਭੰਮੀਰੀ ਸਭ ਤੋਂ ਬਾਅਦ ਵਿਚ ਗਿਆ, ਪਰ ਉਸਨੇ ਮੁੜ ਕੇ ਸਾਡੇ ਵੱਲ ਦੇਖਿਆ ਤਕ ਨਹੀਂ। ਮੈਂ ਸਾਹ ਰੋਕੀ ਬੈਠਾ ਸੀ। ਜਿਵੇਂ ਹੀ ਉਹਨਾਂ ਦੇ ਪੈਰਾਂ ਦਾ ਖੜਾਕ ਸੁਣਾਈ ਦੇਣਾ ਬੰਦ ਹੋਇਆ, ਮੈਂ ਕਾਹਲ ਨਾਲ ਆਪਣੇ ਹੱਥ ਰੱਸੀ ਵਿਚੋਂ ਕੱਢੇ, ਜਿਸਨੂੰ ਭੰਮੀਰੀ ਢਿੱਲੀ ਕਰ ਗਿਆ ਸੀ, ਤੇ ਮੂੰਹ ਵਿਚੋਂ ਗੰਦਾ ਕੱਪੜਾ ਵੀ ਕੱਢ ਸੁੱਟਿਆ। ਫੇਰ ਪੈਰਾਂ ਦੇ ਬੰਨ੍ਹਣ ਖੋਲ੍ਹ ਕੇ ਘਿਸਟਦਾ ਹੋਇਆ ਦਲਜੀਤ ਕੋਲ ਗਿਆ। ਉਸਦੇ ਮੂੰਹ ਵਿਚ ਤੁੰਨਿਆਂ ਕੱਪੜਾ ਕੱਢਿਆ ਤੇ ਉਸਦੀਆਂ ਬਾਹਾਂ 'ਤੇ ਬੰਨ੍ਹੀ ਰੱਸੀ ਖੋਲ੍ਹਣੀ ਸ਼ੁਰੂ ਕਰ ਦਿੱਤੀ।
ਦਲਜੀਤ ਬੋਲਣ ਲਾਇਕ ਹੋਇਆ ਤਾਂ ਉਸਨੇ ਪੁੱਛਿਆ, “ਤੂੰ ਰੱਸੀ ਖੋਲ੍ਹੀ ਕਿਵੇਂ?”
“ਐਨੀ ਉੱਚੀ ਨਾ ਬੋਲ,” ਮੈਂ ਕਿਹਾ, “ਉਹ ਮੁੜ ਕੇ ਵੀ ਆ ਸਕਦੇ ਨੇ। ਉਹਨਾਂ ਦੀ ਹਾਂਡੀ ਵੀ ਇੱਥੇ ਈ ਪਈ ਏ। ਹੋ ਸਕਦਾ ਏ, ਉਹਨਾਂ ਦੀ ਨਾ ਹੋਵੇ, ਕਿਸੇ ਹੋਰ ਦੀ ਹੋਵੇ।”
“ਪਰ ਆਖ਼ਰ ਤੂੰ ਆਪਣੀ ਰੱਸੀ ਖੋਲ੍ਹੀ ਕਿਵੇਂ, ਰਸਟੀ?”
“ਓਹ ਦਿਓ ਵਰਗਾ ਆਦਮੀ ਸਾਰਿਆਂ ਦੀ ਅੱਖ ਬਚਾਅ ਕੇ ਮੇਰੇ ਹੱਥਾਂ ਦਾ ਬੰਨ੍ਹਣ ਖੋਲ੍ਹ ਗਿਆ ਸੀ। ਲੱਗਦਾ ਏ ਉਸਨੂੰ ਸਾਡੇ ਉੱਤੇ ਤਰਸ ਆ ਗਿਆ।”
“ਇਹੋ-ਜਿਹੇ ਦਿਆਲੂ ਦਾ ਰੱਬ ਭਲ਼ਾ ਕਰੇ।” ਦਲਜੀਤ ਨੇ ਧੁਰ ਅੰਦਰੋਂ ਕਿਹਾ, “ਨਈਂ ਤਾਂ ਪਤਾ ਨਈਂ ਕਿੰਨੇ ਦਿਨ ਇੱਥੇ ਪਏ ਰਹਿੰਦੇ ਤੇ ਭੁੱਖੇ ਮਰ ਜਾਂਦੇ। ਭੁੱਖੇ ਨਾ ਵੀ ਮਰਦੇ, ਪਿਆਸ ਨਾਲ ਈ ਨਿੱਬੜ ਜਾਂਦਾ।”
ਜਿਵੇਂ ਹੀ ਦਲਜੀਤ ਦੇ ਸਰੀਰ ਦੇ ਸਾਰੇ ਬੰਨ੍ਹਣ ਖੁੱਲ੍ਹੇ, ਉਹ ਉੱਠ ਕੇ ਬੈਠ ਗਿਆ ਤੇ ਲੱਤਾਂ ਬਾਹਾਂ ਸਿੱਧੀਆਂ ਕਰਨ ਲੱਗਾ। ਫੇਰ ਉਹ ਗੋਡਿਆਂ ਨੂੰ ਠੋਡੀ ਤਕ ਲੈ ਗਿਆ ਤੇ ਉਦਾਸ ਅੱਖਾਂ ਨਾਲ ਮੇਰੇ ਵੱਲ ਦੇਖਣ ਲੱਗਾ।
“ਹੁਣ ਕੀ ਹੋਵੇਗਾ, ਰਸਟੀ? ਸਾਡੇ ਸਾਰੇ ਪੈਸੇ ਵੀ ਉਹ ਲੈ ਗਏ। ਹੁਣ ਕਿਤੇ ਜਾ ਨਈਂ ਸਕਦੇ—ਨਾ ਅੱਗੇ, ਨਾ ਪਿੱਛੇ। ਚੱਲ ਨੇੜਲੇ ਕਿਸੇ ਪੁਲਸ ਥਾਣੇ 'ਚ ਚੱਲ ਕੇ ਆਤਮ-ਸਮਰਪਣ ਕਰ ਦੇਂਦੇ ਆਂ।”
“ਉਹ ਸਾਡੇ ਝੋਲੇ ਵੀ ਲੈ ਗਏ। ਖ਼ੈਰ, ਜੇ ਡਾਕੂ ਸਨ, ਇਹ ਤਾਂ ਉਹਨਾਂ ਦਾ ਧਰਮ ਤੇ ਧੰਦਾ ਏ ਕਿ ਜੋ ਮਿਲੇ ਉਸਨੂੰ ਹਥਿਆ ਲਓ। ਮੈਂ ਤਾਂ ਕਹਿਣਾ, ਸਾਨੂੰ ਆਪਣੇ-ਆਪ ਨੂੰ ਕਿਸਮਤ ਵਾਲੇ ਸਮਝਣਾ ਚਾਹੀਦਾ ਏ। ਉਹ ਸਾਡੀ ਹੱਤਿਆ ਵੀ ਕਰ ਸਕਦੇ ਸੀ।”
“ਅਸੀਂ ਉਹਨਾਂ ਦੇ ਪਹਿਲੇ ਸ਼ਿਕਾਰ ਨਾ ਹੁੰਦੇ—ਮਤਲਬ ਕਿ ਇਸ ਤੋਂ ਪਹਿਲਾਂ ਵੀ ਉਹ ਹੱਤਿਆਵਾਂ ਕਰ ਰਹੇ ਹੋਣਗੇ। ਉਹ ਬੌਣਾ...” ਦਲਜੀਤ ਨੱਕ-ਬੁੱਲ੍ਹ ਵੱਟਦਾ ਹੋਇਆ ਸ਼ਾਇਦ ਸੋਚ ਰਿਹਾ ਸੀ ਕਿ ਕੁਝ ਵੀ ਹੋ ਸਕਦਾ ਸੀ। ਫੇਰ ਜੇਬਾਂ ਫਰੋਲਦਾ ਹੋਇਆ ਖ਼ੁਸ਼ੀ ਨਾਲ ਬੋਲਿਆ, “ਵੱਡੇ ਚਾਤਰ ਬਣਦੇ ਸੀ। ਰਸਟੀ, ਦੇਖ ਤਾਂ, ਮੇਰੀ ਘੜੀ ਛੱਡ ਗਏ ਨੇ, ਤੇ ਜੇਬਾ ਵਿਚ ਥੋੜ੍ਹੀ ਭਾਣ ਵੀ ਪਈ ਏ।”
“ਠੀਕ ਏ, ਐਨੀ ਕਾਫੀ ਏ,” ਮੈਂ ਕਿਹਾ, “ਭੁੱਖੇ ਮਰਨ ਦੀ ਨੌਬਤ ਤਾਂ ਨਹੀਂ ਆਵੇਗੀ। ਘੜੀ ਵੇਚ ਦਿਆਂਗੇ। ਇਕ ਵਾਰੀ ਕਿਸੇ ਤਰ੍ਹਾਂ ਜਾਮਨਗਰ ਪਹੁੰਚ ਜਾਈਏ, ਤਾਂ ਘੜੀ ਵੀ ਨਹੀਂ ਵੇਚਣੀ ਪਵੇਗੀ...ਸੰਕਟ ਸਮੇਂ ਕੰਮ ਆਵੇਗੀ।”
“ਕੀ ਇਹ ਸੰਕਟ ਦੀ ਘੜੀ ਨਈਂ?”
“ਹਾਂ, ਹੈ ਤਾਂ ਸਹੀ, ਪਰ ਫੇਰ ਵੀ...।”
“ਤੇ ਤੂੰ ਸਮਝਦਾ ਏਂ, ਅਸੀਂ ਅੱਗੇ ਜਾ ਸਕਦੇ ਆਂ? ਅਜੇ ਤੂੰ ਉਮੀਦ ਨਈਂ ਛੱਡੀ”
“ਤੇਰੀ ਕੀ ਮਰਜ਼ੀ ਏ?”
“ਤੂੰ ਸਮਝਦਾ ਏਂ, ਮੈਂ ਤੇਰੇ ਨਾਲੋਂ ਪਹਿਲਾਂ ਹੌਸਲਾ ਛੱਡ ਦਿਆਂਗਾ? ਚੱਲ, ਰਸਟੀ। ਇੱਥੋਂ ਨਿਕਲ ਚੱਲਦੇ ਆਂ। ਕਲ੍ਹ ਸ਼ਨੀਵਾਰ ਏ, ਤੇ ਅਸੀਂ ਜਹਾਜ਼ ਫੜ੍ਹਨਾਂ ਏਂ।”
--- --- ---