Saturday, 24 August 2013

9. ਕੱਪੜਿਆਂ ਦੀ ਚੋਰੀ ਤੇ ਸੀਨਾ-ਜ਼ੋਰੀ

9. ਕੱਪੜਿਆਂ ਦੀ ਚੋਰੀ ਤੇ ਸੀਨਾ-ਜ਼ੋਰੀ



ਦਲਜੀਤ ਤੇ ਮੈਂ ਰੇਲਗੱਡੀ ਦੇ ਇਕ ਮਾਲ ਡੱਬੇ ਦੇ ਫਰਸ਼ ਉੱਤੇ, ਜਿਸ ਉੱਤੇ ਛੱਤ ਨਹੀਂ ਸੀ, ਚਿੱਤ ਪਏ ਸੀ। ਗੱਡੀ ਧੀਮੀ ਰਫ਼ਤਾਰ ਨਾਲ ਰੇਗਸਤਾਨੀ ਇਲਾਕੇ ਵਿਚੋਂ ਲੰਘ ਰਹੀ ਸੀ ਤੇ ਲੂ ਦੇ ਥਪੇੜਿਆਂ ਨਾਲ ਉੱਡ-ਉੱਡ ਕੇ ਰੇਤ ਸਾਡੇ ਉੱਤੇ ਪੈ ਰਹੀ ਸੀ। ਰੇਤ ਸਾਡੇ ਸਿਰਾਂ ਵਿਚ, ਸਾਡੀਆਂ ਅੱਖਾਂ ਵਿਚ ਤੇ ਸਾਡੇ ਮੂੰਹਾਂ ਵਿਚ ਕਿਰਚ-ਕਿਰਚ ਕਰ ਰਹੀ ਸੀ। ਉਸ ਤੋਂ ਕੋਈ ਬਚਾਅ ਨਹੀਂ ਸੀ ਕੀਤਾ ਜਾ ਸਕਦਾ। ਰੇਤ ਨਾਲ ਭਰਿਆ ਦਲਜੀਤ ਦਾ ਚਿਹਰਾ ਹੁਣ ਮੇਰੇ ਚਿਹਰੇ ਵਰਗਾ ਹੀ ਲੱਗਣ ਲੱਗ ਪਿਆ ਸੀ। ਉਪਰੋਂ ਲਿਸ਼ਕਦੀ ਧੁੱਪ ਗਜ਼ਬ ਢਾਅ ਰਹੀ ਸੀ। ਮਾਲ-ਗੱਡੀ ਦੇ ਡੱਬੇ ਦੇ ਕੋਨੇ ਵਿਚ ਜ਼ਰਾ ਜਿੰਨੀ ਥਾਂ ਸਾਨੂੰ ਥੋੜ੍ਹੀ-ਜਿਹੀ ਛਾਂ ਮਿਲੀ ਸੀ। ਸਾਡੇ ਕੋਲ ਜਿੰਨੇ ਪੈਸੇ ਸਨ, ਉਹਨਾਂ ਦੇ ਅਸੀਂ ਕੇਲੇ ਖ਼ਰੀਦ ਲਏ ਸਨ ਤੇ ਵਿਚ-ਵਿਚ ਖਾਂਦੇ ਆ ਰਹੇ ਸੀ।
“ਸਵੇਰ ਤਕ ਤਾਂ ਭੁੱਖ ਨਾਲ ਅਸੀਂ ਅਧਮੋਏ ਹੋ ਜਾਵਾਂਗੇ।” ਮੈਂ ਕਿਹਾ, “ਕਿਓਂ ਨਾ ਥੋੜ੍ਹੇ ਕੇਲੇ ਬਚਾਅ ਕੇ ਰੱਖ ਲਈਏ!”
“ਸਵੇਰ ਤਾਂ ਕਲ੍ਹ ਨੂੰ ਆਏਗੀ,” ਦਲਜੀਤ ਬੋਲਿਆ, “ਭੁੱਖ ਮੈਨੂੰ ਅੱਜ ਲੱਗੀ ਏ। ਫੇਰ ਅਸੀਂ ਸਵੇਰੇ-ਸਵੇਰੇ ਜਾਮਨਗਰ ਪਹੁੰਚ ਈ ਜਾਵਾਂਗੇ।”
“ਤੇ ਜੇ ਜਹਾਜ਼ ਜਾ ਚੁੱਕਿਆ ਹੋਇਆ ਫੇਰ?”
“ਜਹਾਜ਼ ਉੱਥੇ ਈ ਹੋਵੇਗਾ।”
“ਤੂੰ ਕਿਵੇਂ ਜਾਣਦਾ ਏਂ?” ਮੈਂ ਪੁੱਛਿਆ।
“ਦੱਸ ਨਈਂ ਸਕਦਾ। ਬਸ, ਥੋੜ੍ਹਾ ਆਸ਼ਾਵਾਦੀ ਆਂ।”
“ਹੁਣ ਕਿਸੇ ਵੀ ਦਿਨ ਉਹ ਲੰਗਰ ਚੁੱਕ ਕੇ ਤੁਰ ਜਾਏਗਾ। ਹੋ ਸਕਦਾ ਏ, ਤੁਰ ਈ ਗਿਆ ਹੋਵੇ। ਦਲਜੀਤ, ਪੈਸਿਆਂ ਦੇ ਬਿਨਾਂ ਅਸੀਂ ਮੁਸ਼ਕਲ 'ਚ ਫਸ ਜਾਵਾਂਗੇ। ਫੇਰ ਭਲਾਂ ਕੀ ਕਰਾਂਗੇ?”
“ਚਿੰਤਾ ਛੱਡ, ਰਸਟੀ! ਘਬਰਾਉਂਦਾ ਕਿਓਂ ਏਂ? ਜੇ ਕੋਈ ਬਿਪਤਾ ਆਈ, ਤਾਂ ਇਹ ਘੜੀ ਵੇਚ ਦਿਆਂਗੇ ਤੇ ਸਕੂਲ ਮੁੜ ਜਾਵਾਂਗੇ। ਫੇਰ ਹੋਵੇਗਾ ਇਹੀ ਨਾ ਕਿ ਸਾਨੂੰ ਸਕੂਲੋਂ ਕੱਢ ਦਿੱਤਾ ਜਾਵੇਗਾ। ਨਈਂ, ਉਹ ਇੰਜ ਨਈਂ ਕਰਨਗੇ। ਮੇਰੇ ਪਿਤਾ ਦੇ ਪੈਸਿਆਂ ਤੋਂ ਹੱਥ ਧੋਣਾ ਪਵੇਗਾ ਉਹਨਾਂ ਨੂੰ। ਪਰ ਜੇ ਤੂੰ ਕਹੇਂਗਾ ਤਾਂ ਅਸੀਂ ਫੇਰ ਭੱਜ ਨਿਕਲਾਂਗੇ।”
“ਕਿੰਨਾ ਚੰਗਾ ਹੋਵੇ, ਜਹਾਜ਼ ਉੱਥੇ ਈ ਹੋਵੇ!” ਮੈਂ ਕਿਹਾ।
“ਉੱਥੇ ਈ ਹੋਵੇਗਾ, ਜਾਏਗਾ ਕਿੱਥੇ! ਕਲ੍ਹ ਅਸੀਂ ਉਸ ਵਿਚ ਬੈਠ ਕੇ ਜਾਵਾਂਗੇ। ਮੈਨੂੰ ਉਮੀਦ ਏ, ਤੂੰ ਮੇਰੇ ਨਾਲ ਮੋਮਬਾਸਾ ਚੱਲੇਂਗਾ ਤੇ ਕੁਝ ਦਿਨ ਮੇਰੇ ਨਾਲ ਰਹੇਂਗਾ।”
“ਓਇ, ਅੰਕਲ ਨਾਲ ਸੈਰ ਕਰਨ ਤੋਂ ਫੁਰਸਤ ਕਿਸ ਨੂੰ ਮਿਲੇਗੀ!” ਮੈਂ ਕਿਹਾ। “ਬੜਾ ਮਜ਼ਾ ਆਏਗਾ। ਫੇਰ ਕਦੀ ਸਕੂਲ ਨਈਂ ਜਾਣਾ ਪਏਗਾ। ਮੈਂ ਵੀ ਤੇਰੇ ਨਾਲ ਚੱਲਾਂਗਾ ਰਸਟੀ, ਮੈਂ ਨਈਂ ਸਮਝਦਾ ਵਪਾਰ ਦਾ ਧੰਦਾ ਐਨਾ ਦਿਲਚਸਪ ਕੰਮ ਹੋਵੇਗਾ।”
“ਅਸੀਂ ਨਾਲੋ-ਨਾਲ ਸਾਰੀ ਦੁਨੀਆਂ ਦੀ ਸੈਰ ਕਰਾਂਗੇ।” ਮੈਂ ਕਿਹਾ, “ਕੇਹੇ-ਕੇਹੇ ਸੁਪਨੇ ਦੇਖਦੇ ਆਂ ਅਸੀਂ!”
“ਖ਼ੈਰ, ਅਸੀਂ ਕਿਸੇ ਦਿਸ਼ਾ ਵਿਚ ਜਾ ਤਾਂ ਰਹੇ ਆਂ! ਮੇਰੇ ਦਾਦਾ ਜੀ ਕਹਿੰਦੇ ਸਨ (ਉਹੀ ਦਾਦਾ ਜੀ, ਜਿਹਨਾਂ ਨੇ ਪੰਜਾਬ ਦਾ ਬਣਿਆਂ ਕੱਪੜਾ ਵੇਚਦਿਆਂ ਹੋਇਆਂ ਸਾਰੀ ਦੁਨੀਆਂ ਦੀ ਸੈਰ ਕੀਤੀ ਸੀ) ਕਿ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦਾ ਸਭ ਤੋਂ ਵੱਡਾ ਫਾਇਦਾ ਇਹ ਈ ਕਿ ਅਸੀਂ ਇਹ ਦੇਖ ਸਕਦੇ ਆਂ ਬਈ ਦੋਵਾਂ ਜਗਾਹਾਂ ਵਿਚ ਕੀ-ਕੀ ਏ।”
“ਉਹ ਤਾਂ ਕੱਪੜਾ ਵੇਚਦੇ ਸਨ,” ਮੈਂ ਕਿਹਾ, “ਸਾਡੇ ਵਾਂਗ ਸੁਪਨੇ ਨਹੀਂ ਸਨ ਦੇਖਦੇ। ਸਮਝਿਆ!”
“ਤੂੰ ਹਿੰਮਤ ਹਾਰਨ ਲੱਗਾ ਏਂ, ਰਸਟੀ!”
“ਨਹੀਂ, ਬਿਲਕੁਲ ਨਹੀਂ।”
ਪਰ ਰਾਤ ਦਾ ਇਹ ਸਫ਼ਰ ਬੜਾ ਔਖਾ ਸੀ। ਪ੍ਰੇਸ਼ਾਨੀ ਵਾਲੀ ਗੱਲ ਤਾਂ ਇਹ ਸੀ ਕਿ ਇਹ ਗੱਡੀ ਹੌਲੀ-ਹੌਲੀ ਚੱਲ ਰਹੀ ਸੀ ਤੇ ਜਗ੍ਹਾ-ਜਗ੍ਹਾ ਰੁਕਦੀ ਹੋਈ ਜਾਂਦੀ ਸੀ। ਇਕ ਛੋਟੇ-ਜਿਹੇ ਸਟੇਸ਼ਨ ਉੱਤੇ ਸ਼ਾਇਦ ਚਾਰੇ ਨਾਲ ਭਰੇ ਕਈ ਬੋਰੇ ਸਾਡੇ ਵਾਲੇ ਮਾਲ-ਡੱਬੇ ਵਿਚ ਉਛਾਲ ਦਿੱਤੇ ਗਏ। ਅਸੀਂ ਸੁੱਤੇ-ਜਾਗਦੇ ਲੇਟੇ ਸੀ ਤੇ ਬੋਰਿਆਂ ਦੇ ਹੇਠਾਂ ਦਫ਼ਨ ਹੁੰਦੇ-ਹੁੰਦੇ ਬਚੇ ਸੀ। ਪਰ ਫੇਰ ਅਸੀਂ ਦੇਖਿਆ ਕਿ ਸੁਸਤਾਉਣ ਲਈ ਬੋਰੇ ਬੜੇ ਆਰਾਮਦੇਹ ਨੇ ਤੇ ਅਸੀਂ ਸਵੇਰ ਤਕ ਉਹਨਾਂ ਉੱਤੇ ਪਸਰੇ ਰਹੇ।
ਆਸਮਾਨ ਸਾਫ਼ ਹੋਇਆ, ਤਾਂ ਅਸੀਂ ਸਮਝ ਗਏ ਕਿ ਸਾਡੀ ਮੰਜ਼ਿਲ ਹੁਣ ਬਹੁਤੀ ਦੂਰ ਨਹੀਂ ਹੈ। ਪ੍ਰਕ੍ਰਿਤਕ ਦ੍ਰਿਸ਼ ਯਕਦਮ ਬਦਲ ਚੁੱਕੇ ਸਨ। ਰੇਗਿਸਤਾਨ ਪਿੱਛੇ ਰਹਿ ਗਿਆ ਸੀ ਤੇ ਸਮੁੰਦਰ-ਤਟ ਦੇ ਨਾਲ ਵਾਲਾ ਮੈਦਾਨੀ ਇਲਾਕਾ ਦਿਖਾਈ ਦੇਣ ਲੱਗ ਪਿਆ ਸੀ।
ਝੂੰਮਦੇ ਹੋਏ ਉੱਚੇ ਤਾੜ ਦੇ ਰੁੱਖਾਂ ਦੇ ਵਿਚੋਂ ਮੈਂ ਪਹਿਲੀ ਵਾਰ ਸਮੁੰਦਰ ਦੇ ਦਰਸ਼ਨ ਕੀਤੇ।
ਸਮੁੰਦਰ ਬਿਲਕੁਲ ਓਹੋ-ਜਿਹਾ ਹੀ ਸੀ ਜਿਵੇਂ ਕਿ ਮੈਂ ਕਲਪਨਾ ਕੀਤੀ ਹੋਈ ਸੀ। ਵਿਸ਼ਾਲ, ਇਕੱਲਾ ਤੇ ਨੀਲਾ—ਬਿਲਕੁਲ ਆਸਮਾਨ ਵਰਗਾ ਨੀਲਾ। ਤੇ ਜਿਹੜਾ ਪਹਿਲਾ ਜਹਾਜ਼ ਮੈਂ ਦੇਖਿਆ, ਉਹ ਇਕ ਅਰਬੀ 'ਢੋ' (ਮਸਤੂਲ ਵਾਲਾ ਜਹਾਜ਼) ਸੀ, ਜਿਹੜਾ ਸਮੁੰਦਰ-ਤਟ ਵੱਲੋਂ ਆਉਣ ਵਾਲੀ ਹਵਾ ਤੇ ਹਲਕੀਆਂ ਲਹਿਰਾਂ ਕਰਕੇ ਜ਼ਰਾ ਕੁ ਝੁਕਿਆ ਹੋਇਆ ਲੱਗਦਾ ਸੀ।
ਰੇਲਗੱਡੀ ਇਕ ਨਦੀ ਉੱਤੇ ਬਣੇ ਛੋਟੇ-ਜਿਹੇ ਪੁਲ ਉੱਤੇ ਰੁਕੀ। ਇਹ ਨਦੀ ਮੈਦਾਨੀ ਇਲਾਕੇ ਵਿਚੋਂ ਹੁੰਦੀ ਹੋਈ ਸਮੁੰਦਰ ਵਿਚ ਜਾ ਸਮਾਉਂਦੀ ਸੀ।
ਅਸੀਂ ਉੱਥੇ ਹੀ ਉਤਰ ਗਏ। ਬਰੇਕਮੈਨ ਦਾ ਅਸੀਂ ਹੱਥ ਹਿਲਾਅ-ਹਿਲਾਅ ਕੇ ਧੰਨਵਾਦ ਕੀਤਾ, ਕਿਉਂਕਿ ਉਸਨੇ ਸਾਨੂੰ ਰੇਲਗੱਡੀ ਉੱਤੇ ਬੈਠਾਉਣ ਦੀ ਉਦਾਰਤਾ ਦਿਖਾਈ ਸੀ। ਫੇਰ ਅਸੀਂ ਜਲਦੀ-ਜਲਦੀ ਨਦੀ ਦੇ ਕਿਨਾਰੇ ਉੱਤੇ ਤਿਲ੍ਹਕਦੇ ਹੋਏ ਹੇਠਾਂ ਉਤਰ ਗਏ ਤੇ ਉਦੋਂ ਤਕ ਪੁਲ ਹੇਠਾਂ ਲੁਕੇ ਰਹੇ, ਜਦੋਂ ਤਕ ਕਿ ਰੇਲਗੱਡੀ ਉਪਰੋਂ ਲੰਘ ਨਹੀਂ ਗਈ। ਅਸੀਂ ਨਹੀਂ ਚਾਹੁੰਦੇ ਸੀ ਕਿ ਗਾਰਡ ਸਾਨੂੰ ਦੇਖ ਲਵੇ। ਉਹ ਬਰੇਕਮੈਨ ਲਈ ਠੀਕ ਨਾ ਹੁੰਦਾ।
ਜਦੋਂ ਅਸੀਂ ਦੇਖਿਆ ਕਿ ਅਸੀਂ ਉੱਥੇ ਇਕੱਲੇ ਹਾਂ, ਨੇੜੇ-ਤੇੜੇ ਕੋਈ ਨਹੀਂ, ਤਾਂ ਅਸੀਂ ਸਫ਼ਰ ਦੀ ਧੂੜ ਨਾਲ ਗੰਦੇ ਹੋਏ ਕੱਪੜੇ ਲਾਹੇ ਤੇ ਕੁਮੁਦਨੀ ਦੇ ਫੁਲਾਂ ਦੇ ਝੂੰਡਾਂ ਵਿਚੋਂ ਰਸਤਾ ਬਣਾਉਂਦੇ ਹੋਏ ਨਦੀ ਵਿਚ ਉਤਰ ਗਏ। ਨਦੀ ਦੀ ਧਾਰ ਧੀਮੀ ਗਤੀ ਨਾਲ ਵਹਿ ਰਹੀ। ਪਹਾੜੀ ਨਦੀਆਂ ਵਰਗੀ ਤੇਜ਼ੀ ਉਸ ਵਿਚ ਨਹੀਂ ਸੀ। ਉਸ ਦਾ ਨਿੱਘਾ ਪਾਣੀ ਏਨਾਂ ਫੁਰਤੀ ਦਾਇਕ ਵੀ ਨਹੀਂ ਸੀ, ਜਿੰਨਾ ਪਹਾੜਾਂ ਵਿਚੋਂ ਆਉਣ ਵਾਲਾ ਪਾਣੀ ਹੁੰਦਾ ਹੈ। ਫੇਰ ਵੀ ਨਹਾਉਣ ਲਈ ਸਾਫ਼-ਸੁਥਰਾ ਸੀ। ਸਾਡੇ ਥੱਕੇ-ਹਾਰੇ ਸਰੀਰਾਂ ਵਿਚ ਇਕ ਨਵੀਂ ਜਾਨ ਆ ਗਈ। ਅਸੀਂ ਪਾਣੀ ਵਿਚ ਹੱਥ-ਪੈਰ ਮਾਰਦੇ ਹੋਏ ਖੜਮਸਤੀਆਂ ਕਰਦੇ ਰਹੇ। ਕਦੀ ਇਕ ਦੂਜੇ ਉੱਤੇ ਪਾਣੀ ਉਛਾਲਦੇ, ਕਦੀ ਟੁੱਭੀਆਂ ਲਾਉਂਦੇ। ਦਲਜੀਤ ਨੇ ਪਾਣੀ ਦੇ ਹੇਠਾਂ ਹੇਠਾਂ ਤੈਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਪਰ ਆਇਆ ਤਾਂ ਉਸਦੇ ਉਲਝੇ ਹੋਏ ਵਾਲਾਂ ਵਿਚ ਕੁਮੁਦਨੀ ਦਾ ਇਕ ਫੁੱਲ ਫਸਿਆ ਹੋਇਆ ਸੀ, ਜਿਹੜਾ ਬੂਟੇ ਨਾਲੋਂ ਟੁੱਟ ਕੇ ਉਸਦੇ ਸਿਰ ਵਿਚ ਚਿਪਕ ਗਿਆ ਸੀ।
ਅਸੀਂ ਆਸੇ-ਪਾਸੇ ਦੇ ਵਾਤਾਵਰਣ ਵੱਲੋਂ ਬਿਲਕੁਲ ਅਵੇਸਲੇ ਹੋ ਕੇ ਪੰਦਰਾਂ ਮਿੰਟ ਤਕ ਪਾਣੀ ਵਿਚ ਚੁਹਲ-ਕਲੋਲ ਕਰਦੇ ਰਹੇ। ਜਦੋਂ ਨਦੀ ਵਿਚੋਂ ਨਿਕਲ ਕੇ ਕਿਨਾਰੇ ਉੱਤੇ ਆਏ, ਤਾਂ ਦੇਖਿਆ ਕਿ ਸਾਡੇ ਕੱਪੜੇ ਗ਼ਾਇਬ ਨੇ! ਬਸ, ਦਲਜੀਤ ਦੀ ਪੱਗ ਪਈ ਹੋਈ ਸੀ।
ਉਪਰ ਕਿਨਾਰੇ ਉੱਤੇ ਤਿੰਨ ਮੁੰਡੇ ਖੜ੍ਹੇ ਸਨ। ਉਹਨਾਂ ਸਿਰਫ਼ ਲੰਗੋਟ ਬੰਨ੍ਹੇ ਹੋਏ ਸਨ ਤੇ ਖੜ੍ਹੇ-ਖੜ੍ਹੇ ਸਾਨੂੰ ਘੂਰ ਰਹੇ ਸਨ। ਤਿੰਨਾਂ ਵਿਚੋਂ ਜਿਹੜਾ ਸਭ ਤੋਂ ਵੱਡਾ ਸੀ, ਉਸਨੇ ਸਾਡੇ ਕੱਪੜੇ ਚੁੱਕੇ ਹੋਏ ਸਨ।
“ਓ ਭਰਾ, ਸਾਡੇ ਕੱਪੜੇ ਦੇ ਜਾ,” ਦਲਜੀਤ ਨੇ ਨਿਮਰਤਾ ਨਾਲ ਇਹ ਗੱਲ ਕਹੀ, “ਤੂੰ ਕਿਰਪਾ ਕਰਦੇ ਮੇਰੀ ਪੱਗ ਤਾਂ ਛੱਡ ਈ ਦਿੱਤੀ ਏ, ਬੜਾ ਚੰਗਾ ਕੀਤਾ—ਪਰ ਸਿਰ ਉੱਤੇ ਬੰਨ੍ਹਣ ਦੇ ਸਿਵਾਏ ਮੈਂ ਇਸਨੂੰ ਹੋਰ ਕਿਤੇ ਨਈਂ ਬੰਨ੍ਹਦਾ।”
ਤਿੰਨੇ ਮੁੰਡੇ ਖਿੜਖਿੜ ਕਰਕੇ ਹੱਸੇ ਤੇ ਫੇਰ ਮੁੜ ਕੇ ਖੇਤਾਂ ਵੱਲ ਨੱਸ ਗਏ।
“ਰੁਕੋ!” ਦਲਜੀਤ ਕੂਕਿਆ।
“ਚੱਲ, ਉਹਨਾਂ ਦਾ ਪਿੱਛਾ ਕਰਦੇ ਆਂ।” ਮੈਂ ਕਿਹਾ।
ਸਾਡੇ ਦੋਵਾਂ ਲਈ ਇਹ ਜਿਊਣ-ਮਰਨ ਦਾ ਸਵਾਲ ਸੀ। ਦਲਜੀਤ ਦੇ ਸਰੀਰ ਉੱਤੇ ਪੱਗ ਤੇ ਘੜੀ ਸੀ, ਪਰ ਮੇਰੇ ਤਨ ਉੱਤੇ  ਤਾਂ ਇਹ ਚੀਜ਼ਾਂ ਵੀ ਨਹੀਂ ਸਨ। ਅਸੀਂ ਫੁਰਤੀ ਨਾਲ ਉੱਤੇ ਕਿਨਾਰੇ ਉੱਤੇ ਚੜ੍ਹ ਗਏ ਤੇ ਪੇਂਡੂ ਮੁੰਡਿਆਂ ਦਾ ਪਿੱਛਾ ਕਰਨ ਲੱਗੇ। ਪਰ ਉਦੋਂ ਤਕ ਉਹ ਖਾਸੀ ਦੂਰ ਨਿਕਲ ਗਏ ਸਨ। ਖੇਤਾਂ ਵਿਚੋਂ ਭੱਜ ਕੇ ਜਾਣ ਦਾ ਰਸਤਾ ਉਹ ਚੰਗੀ ਤਰ੍ਹਾਂ ਜਾਣਦੇ ਸਨ ਤੇ ਪਿੰਡ ਜਾ ਪਹੁੰਚੇ ਸਨ, ਜਦੋਂ ਕਿ ਅਸੀਂ ਅਜੇ ਖੇਤਾਂ ਵਿਚ ਹੀ ਸੀ ਤੇ ਵੱਟਾਂ ਤੇ ਸਿੰਜੇ ਹੋਏ ਕਿਆਰਿਆਂ ਦੇ ਟੋਇਆਂ ਵਿਚ ਡਿੱਗਦੇ-ਢਹਿੰਦੇ ਜਾ ਰਹੇ ਸੀ। ਉਦੋਂ ਹੀ ਇਕ ਕੰਧ ਦੇ ਪਿੱਛੋਂ ਡਲਿਆਂ ਦੀ ਵਾਛੜ ਹੋਈ ਤੇ ਅਸੀਂ ਸਹਿਮ ਕੇ ਉੱਥੇ ਹੀ ਖਲੋ ਗਏ।
“ਚੱਲ, ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ,” ਮੈਂ ਕਿਹਾ। ਆਪਣੇ ਦੋਵੇਂ ਹੱਥ ਮੂੰਹ ਅੱਗੇ ਲਾ ਕੇ ਮੈਂ ਉੱਚੀ ਆਵਾਜ਼ ਵਿਚ ਕਿਹਾ, “ਮਿਹਰਬਾਨੀ ਕਰਕੇ ਸਾਡੇ ਕੱਪੜੇ ਦੇ ਦਿਓ। ਸਾਡੇ ਕੋਲ ਹੋਰ ਕੋਈ ਕੱਪੜਾ ਨਹੀਂ।”
ਜਵਾਬ ਵਿਚ ਇਕ ਵੱਡਾ ਸਾਰਾ ਡਲਾ ਆਇਆ, ਜਿਹੜਾ ਮੇਰੇ ਕੰਨ ਕੋਲੋਂ ਸਾਂ ਕਰਦਾ ਨਿਕਲ ਗਿਆ।
“ਲੱਗਦਾ ਏ, ਏਧਰਲੇ ਲੋਕ ਹਿੰਦੀ ਬੋਲਦੇ-ਸਮਝਦੇ ਨਹੀਂ।” ਮੈਂ ਕਿਹਾ, “ਕਹੇਂ ਤਾਂ ਅੰਗਰੇਜ਼ੀ 'ਚ ਗੱਲ ਕਰਾਂ। ਹੋਰ ਕੋਈ ਭਾਸ਼ਾ ਮੈਨੂੰ ਆਉਂਦੀ ਨਹੀਂ।”
“ਨਾ-ਨਾ, ਅੰਗਰੇਜ਼ੀਂ ਨਈਂ ਹਿਰਖ ਕੇ ਉਹ ਹੋਰ ਵੱਟੇ ਮਾਰਨਗੇ। ਮੇਰੀ ਸਮਝ 'ਚ ਤਾਂ ਇਹ ਗੁਜਰਾਤੀ ਬੋਲਦੇ ਨੇ...ਤੇ ਮੈਨੂੰ ਇਹ ਭਾਸ਼ਾ ਆਉਂਦੀ ਨਈਂ।”
ਉਦੋਂ ਹੀ ਇਕ ਆਦਮੀ ਖੇਤ ਦੀ ਵੱਟ ਉੱਤੇ ਦਿਖਾਈ ਦਿੱਤਾ, ਜਿਹੜਾ ਡਾਂਗ ਉਗਾਸਦਾ ਹੋਇਆ ਅਜਿਹੀ ਬੋਲੀ ਵਿਚ ਕੁਝ ਕਹਿ ਰਿਹਾ ਸੀ ਜਿਹੜੀ ਸਾਡੇ ਪੱਲੇ ਨਹੀਂ ਸੀ ਪੈ ਰਹੀ।
“ਸਮਝ ਸਕਦਾ ਏਂ, ਕੀ ਕਹਿ ਰਿਹਾ ਏ?” ਦਲਜੀਤ ਨੇ ਮੈਨੂੰ ਪੁੱਛਿਆ।
“ਮੈਂ ਕੀ ਦੱਸਾਂ! ਸ਼ਾਇਦ ਕਹਿ ਰਿਹਾ ਏ 'ਮੇਰੇ ਖੇਤ 'ਚੋਂ ਬਾਹਰ ਨਿਕਲੋ'।”
“ਤਾਂ ਅਸੀਂ ਵੀ ਕੱਪੜੇ ਲਏ ਬਗ਼ੈਰ ਨਈਂ ਜਾਵਾਂਗੇ।”
“ਲੱਗਦਾ ਏ, ਕੱਪੜਿਆਂ ਦੇ ਬਿਨਾਂ ਈ ਜਾਣਾ ਪਏਗਾ।” ਮੈਂ ਕਿਹਾ, “ਦੇਖ, ਕੁੱਤੇ ਆ ਗਏ!”
ਪਿੰਡ ਦੇ ਕਈ ਕੁੱਤੇ, ਖ਼ੂੰਖ਼ਾਰ ਸ਼ਿਕਾਰੀ ਕੁੱਤਿਆਂ ਵਾਂਗ, ਸਾਡੇ ਵੱਲ ਦੌੜੇ ਆ ਰਹੇ ਸਨ। ਪਿੱਛੇ-ਪਿੱਛੇ ਸੋਟੀਆਂ ਚੁੱਕੀ ਦੋ ਆਦਮੀ ਤੇ ਹੱਥਾਂ ਵਿਚ ਡਲੇ ਚੁੱਕੀ ਕਈ ਮੁੰਡੇ ਸਨ। ਦਲਜੀਤ ਨੇ ਤੇ ਮੈਂ ਪਿੱਠ ਦਿਖਾਉਣ ਵਿਚ ਇਕ ਛਿਣ ਦੀ ਦੇਰ ਨਹੀਂ ਲਾਈ। ਥੱਕੇ-ਹਾਰੇ ਹੋਣ ਦੇ ਬਾਵਜੂਦ ਅਸੀਂ ਜਿੰਨਾਂ ਤੇਜ਼ ਭੱਜ ਸਕਦੇ ਸੀ, ਓਨੀਂ ਤੇਜ਼ੀ ਨਾਲ ਖੇਤਾਂ ਵਿਚੋਂ ਭੱਜੇ। ਨਦੀ ਪਾਰ ਕਰਕੇ ਹੀ ਅਸੀਂ ਦਮ ਲਿਆ। ਪਿੰਡ ਵਾਲੇ ਨਦੀ ਦੇ ਪਾਰ ਪਿੱਛਾ ਕਰਨ ਲਈ ਨਹੀਂ ਆਏ। ਅਸੀਂ ਸਮਝ ਗਏ ਸ਼ਾਇਦ ਹੁਣ ਅਸੀਂ ਕਿਸੇ ਹੋਰ ਦੀ ਜ਼ਮੀਨ ਵਿਚ ਖੜ੍ਹੇ ਹਾਂ। ਪਿੰਡ ਵਾਲੇ ਖੜ੍ਹੇ ਸੋਟੀਆਂ ਦਿਖਾਅ ਰਹੇ ਸਨ। ਅਸੀਂ ਮੁੱਕੇ ਤਾਣ ਕੇ ਦਿਖਾਏ। ਪਰ ਕੋਈ ਅਸਰ ਨਹੀਂ ਹੋਇਆ ਤੇ ਸਾਡੇ ਕੱਪੜੇ ਸਾਨੂੰ ਨਹੀਂ ਮਿਲੇ। ਉੱਥੋਂ ਚੱਲ ਕੇ ਅਸੀਂ ਅੰਬ ਦੇ ਇਕ ਬਗ਼ੀਚੇ ਵਿਚ ਸ਼ਰਣ ਲਈ। ਉੱਥੇ ਕਿਸੇ ਨੇ ਸਾਨੂੰ ਪ੍ਰੇਸ਼ਾਨ ਨਹੀਂ ਕੀਤਾ।
“ਹੁਣ ਕੀ ਕਰੀਏ?” ਦਲਜੀਤ ਨੇ ਜੁਗਿਆਸਾ ਪ੍ਰਗਟ ਕੀਤੀ।
“ਜਾਮਨਗਰ ਤਕ ਪੈਦਲ ਚੱਲਦੇ ਆਂ,” ਮੈਂ ਕਿਹਾ, “ਬਹੁਤੀ ਦੂਰ ਨਹੀਂ ਏਂ।”
“ਤੇਰਾ ਮਤਲਬ ਏ, ਬਿਨਾਂ ਕੱਪੜਿਆਂ ਦੇ, ਇਸ ਹਾਲਤ 'ਚ?”
“ਕੀ ਹੋਇਆ? ਹਨੇਰਾ ਹੋਣ ਤਕ ਇੱਥੇ ਈ ਇੰਤਜ਼ਾਰ ਕਰਦੇ ਆਂ।”
“ਹੋਰ, ਜਦੋਂ ਤਕ ਸਵੇਰ ਹੋਏਗੀ, ਓਦੋਂ ਤਕ ਕਰਾਂਗੇ।”
“ਬਈ ਫੇਰ, ਕੋਈ ਨਾ ਕੋਈ ਜੁਗਾੜ ਹੋ ਈ ਜਾਵੇਗਾ। ਤੇਰੀ ਘੜੀ ਵੇਚ ਕੇ ਕੁਛ ਕੱਪੜੇ ਖ਼ਰੀਦ ਲਵਾਂਗੇ।”
“ਅਸੀਂ ਸਾਧਾਂ ਦਾ ਭੇਸ ਧਾਰ ਕੇ ਜਾਵਾਂਗੇ,” ਮੈਂ ਕਿਹਾ, “ਜਾਂ ਹੋਰ ਕੁਛ ਨਹੀਂ, ਤਾਂ ਕਿਸੇ ਸਾਧ ਦੇ ਚੇਲੇ ਈ ਬਣ ਜਾਵਾਂਗੇ। ਅੱਜਕਲ੍ਹ ਤਾਂ ਇਹੀ ਫ਼ੈਸ਼ਨ ਏਂ। ਪਹੁੰਚੇ ਹੋਏ ਸਾਧੂ-ਮਹਾਤਮਾ ਤਾਂ ਨੰਗੇ ਈ ਫਿਰਦੇ ਐ। ਤਦ ਸਾਨੂੰ ਮੁਫ਼ਤ ਭੋਜਨ ਤੇ ਰਾਤ ਦਾ ਠਿਕਾਣਾ ਵੀ ਮਿਲ ਸਕਦਾ ਏ।”
“ਤੇ ਜੇ ਸਵੇਰੇ ਜਾ ਕੇ ਪਤਾ ਲੱਗੇਗਾ ਕਿ ਜਹਾਜ਼ ਤਾਂ ਸਾਡੇ ਪਹੁੰਚ ਤੋਂ ਪਹਿਲਾਂ ਕਦੋਂ ਦਾ ਜਾ ਚੁੱਕਿਆ ਏ!”
“ਓਇ ਹਾਂ, ਇਹ ਗੱਲ ਤਾਂ ਮੈਂ ਸੋਚੀ ਈ ਨਈਂ...।”
ਪਰ ਜਦੋਂ ਅਸੀਂ ਇਸ ਧਰਮਸੰਕਟ ਵਿਚ ਸੀ, ਉਦੋਂ ਕੀ ਦੇਖਦੇ ਹਾਂ ਕਿ ਦੋ ਆਦਮੀ ਸਾਡੇ ਵਾਲੇ ਕਿਨਾਰੇ ਉੱਤੇ ਤੁਰੇ ਆ ਰਹੇ ਨੇ, ਜਿਹੜੇ ਸ਼ਾਇਦ ਰੇਲਵੇ ਕਰਮਚਾਰੀ ਸਨ। ਉਹਨਾਂ ਨੇ ਕਿਸਾਨਾਂ ਵਾਂਗ ਧੋਤੀ ਨਹੀਂ ਬਲਕਿ ਪਤਲੂਨ ਤੇ ਕਮੀਜ਼ ਪਾਈ ਹੋਈ ਸੀ। ਪਹਿਲਾਂ ਮੈਂ ਸੋਚਿਆ ਕਿ ਉਹ ਨਦੀ ਉੱਤੇ ਪਾਣੀ ਪੀਣ ਜਾ ਰਹੇ ਨੇ, ਪਰ ਜਦੋਂ ਉਹਨਾਂ ਨੂੰ ਕੱਪੜੇ ਲਾਹੁੰਦਿਆਂ ਹੋਇਆਂ ਦੇਖਿਆ, ਤਾਂ ਯਕਦਮ ਮੇਰੇ ਦਿਮਾਗ਼ ਵਿਚ ਉਹ ਫਤੂਰ ਆਇਆ ਤੇ ਮੈਂ ਉੱਠ ਕੇ ਬੈਠ ਗਿਆ।
“ਦਲਜੀਤ!” ਮੈਂ ਕਿਹਾ, “ਉਹਨਾਂ ਨੂੰ ਦੇਖ ਰਿਹਾ ਏਂ?”
“ਹਾਂ, ਦੇਖ ਤਾਂ ਰਿਹਾਂ।” ਦਲਜੀਤ ਨੂੰ ਮੇਰੇ ਮਨ ਦੀ ਬੁੱਝਣ ਵਿਚ ਦੇਰ ਨਹੀਂ ਲੱਗੀ, “ਹਾਂ, ਇਹੀ ਮੌਕਾ ਏ, ਰਸਟੀ। ਯਾਦ ਰੱਖ ਕਿਸੇ ਤਰ੍ਹਾਂ ਦੀ ਦਇਆ-ਮਮਤਾ ਦਿਖਾਉਣ ਦੀ ਲੋੜ ਨਈਂ। ਇਹ ਦੁਨੀਆਂ ਸਾਡੇ ਵਰਗੇ ਸਿੱਧੇ-ਸਾਦੇ ਲੋਕਾਂ ਲਈ ਨਈਂ ਏਂ। ਸਾਨੂੰ ਵੀ ਆਪਣੇ ਤੌਰ-ਤਰੀਕੇ ਬਦਲਣੇ ਪੈਣਗੇ ਤੇ ਓਹੋ-ਜਿਹਾ ਵਿਹਾਰ ਈ ਕਰਨਾ ਪਏਗਾ ਜਿਹੋ-ਜਿਹਾ ਇੱਥੋਂ ਦੇ ਲੋਕ ਕਰਦੇ ਨੇ। ਇਹ ਲੋਕ ਸ਼ਾਇਦ ਪਿੰਡ ਵਾਲਿਆਂ ਨੂੰ ਈ ਦੋਸ਼ ਦੇਣਗੇ। ਪਰ ਸਾਨੂੰ ਦੱਬਵੇਂ ਪੈਰੀਂ ਝਾੜੀਆਂ ਦੇ ਓਹਲੇ ਹੋ ਜਾਣਾ ਚਾਹੀਦਾ ਏ। ਇੰਜ ਨਾ ਹੋਵੇ ਕਿ ਉਹ ਸਾਨੂੰ ਦੇਖ ਲੈਣ।”
ਹੱਥਾਂ ਤੇ ਪੈਰਾਂ ਭਾਰ ਤੁਰਦੇ ਹੋਏ, ਨੰਗੇ ਪਿੰਡੇ ਨੂੰ ਝਰੀਟਣ ਵਾਲੇ ਕੰਡਿਆਂ ਦੀ ਚਿੰਤਾ ਕੀਤੇ ਬਿਨਾਂ, ਅਸੀਂ ਫੇਰ ਨਦੀ ਕਿਨਾਰੇ ਪਹੁੰਚੇ। ਕੁਝ ਦੂਰ ਹੀ ਉਹ ਦੋਵੇਂ ਨਹਾਅ ਰਹੇ ਸਨ। ਦੋਵੇਂ ਆਦਮੀ ਐਨ ਬੱਚਿਆਂ ਵਾਂਗ ਹੀ ਪਾਣੀ ਵਿਚ ਕਲੋਲਾਂ ਕਰਦੇ ਹੋਏ ਖਾਸਾ ਹੂ-ਹੱਲਾ ਕਰ ਰਹੇ ਸਨ। (ਮੈਂ ਗੌਰ ਕੀਤਾ ਕਿ ਕੰਮਕਾਜੀ ਆਦਮੀ ਜਦੋਂ ਖੁੱਲ੍ਹੇ ਵਿਚ ਨਹਾਉਂਦਾ ਹੈ ਤਾਂ ਬੜਾ ਚੰਚਲ ਹੋ ਜਾਂਦਾ ਹੈ। ਇਸਦਾ ਕਾਰਨ ਸੰਭਵ ਹੈ ਇਹ ਹੈ ਕਿ ਉਹ ਉਸ ਅਵਸਥਾ ਵਿਚ ਜਾ ਪਹੁੰਚਦਾ ਹੈ, ਜਿਸ ਵਿਚ ਉਹ ਪ੍ਰਫੁੱਲਤ 'ਅਮੀਬਾ' ਦੇ ਰੂਪ ਵਿਚ ਪਹਿਲਾਂ-ਪਹਿਲ ਮਨੁੱਖ ਦਾ ਜਨਮ ਹੋਇਆ ਸੀ।) ਉਹਨਾਂ ਨੇ ਨਾ ਤਾਂ ਸਾਨੂੰ ਦੇਖਿਆ ਸੀ ਤੇ ਨਾ ਹੀ ਸਾਡੀ ਆਹਟ ਹੀ ਉਹਨਾਂ ਨੂੰ ਸੁਣੀ ਸੀ। ਕੁਝ ਗਜ ਦੇ ਫ਼ਾਸਲੇ ਉੱਤੇ ਉਹਨਾਂ ਦੇ ਅਸਤ-ਵਿਅਸਤ ਕੱਪੜਿਆਂ ਦਾ ਢੇਰ ਪਿਆ ਸੀ।
“ਮੈਂ ਜਾ ਕੇ ਚੁੱਕ ਲਿਆਉਣਾ।” ਦਲਜੀਤ ਨੇ ਘੁਸਰਮੁਸਰੀ ਆਵਾਜ਼ ਵਿਚ ਕਿਹਾ, “ਜੇ ਮੈਨੂੰ ਦੇਖ ਵੀ ਲਿਆ, ਤਾਂ ਸਮਝਣਗੇ ਕਿ ਪਿੰਡ ਦਾ ਕੋਈ ਮੰਡਾ ਏ। ਪਰ ਜੇ ਉਹਨਾਂ ਨੇ ਤੈਨੂੰ ਦੇਖ ਲਿਆ, ਤਾਂ ਫੇਰ ਖ਼ੈਰ ਨਈਂ।”
ਦਲਜੀਤ ਝਾੜੀਆਂ ਵਿਚੋਂ ਨਿਕਲ ਕੇ ਬੜੀ ਫੁਰਤੀ ਨਾਲ ਗਿਆ (ਜੇ ਅਜਿਹੀ ਫੁਰਤੀ ਉਸਨੇ ਕਦੀ ਸਕੂਲ ਵਿਚ ਦਿਖਾਈ ਹੁੰਦੀ ਤਾਂ ਚੰਗਾ ਐਥਲੀਟ ਬਣ ਸਕਦਾ ਸੀ), ਸਾਰੇ ਕੱਪੜੇ ਜਲਦੀ-ਜਲਦੀ ਇਕੱਠੇ ਕੀਤੇ ਤੇ ਉਹਨਾਂ ਨੂੰ ਜੱਫੇ ਵਿਚ ਭਰ ਕੇ ਉਸੇ ਫੁਰਤੀ ਨਾਲ ਮੇਰੇ ਕੋਲ ਪਰਤ ਆਇਆ।
“ਸ਼ਾਬਾਸ਼!” ਮੈਂ ਫੁਸਫੁਸਾ ਕੇ ਕਿਹਾ, “ਉਹਨਾਂ ਨੂੰ ਭਿਣਕ ਤਕ ਨਹੀਂ ਪਈ।”
ਅਸੀਂ ਉੱਥੇ ਰੁਕੇ ਨਹੀਂ (ਭਾਵੇਂ ਅਸੀਂ ਦੇਖਣਾ ਚਾਹੁੰਦੇ ਸੀ ਕਿ ਕੱਪੜੇ ਗ਼ਾਇਬ ਦੇਖ ਕੇ ਉਹਨਾਂ ਦੀ ਹਾਲਤ ਕਿਹੋ-ਜਿਹੀ ਹੋਵੇਗੀ), ਬਲਕਿ ਸਿਰ ਉੱਤੇ ਪੈਰ ਰੱਖ ਕੇ, ਅੰਬ ਦੇ ਰੁੱਖਾਂ ਵਿਚੋਂ ਹੁੰਦੇ ਹੋਏ, ਭੱਜ ਖੜ੍ਹੇ ਹੋਏ।
ਰੇਲ ਦੀ ਪਟੜੀ ਪਾਰ ਕਰਕੇ, ਅਸੀਂ ਖੁੱਲ੍ਹੇ ਮੈਦਾਨ ਵਿਚ ਦੌੜਦੇ ਹੀ ਰਹੇ ਤੇ ਇਕ ਖ਼ੂਹ ਦੇ ਕੋਲ ਜਾ ਕੇ ਸਾਹ ਲਿਆ। ਉੱਥੇ ਇਕ ਪੁਰਾਣੇ ਬੋਹੜ ਦੇ ਰੁੱਖ ਦੀ ਸੰਘਣੀ ਛਾਂ ਵਿਚ ਅਸੀਂ ਕੱਪੜੇ ਪਾਏ, ਜਿਹੜੇ ਸਾਡੇ ਡੀਲਡੌਲ ਨੂੰ ਦੇਖਦੇ ਹੋਏ ਖਾਸੇ ਵੱਡੇ ਤੇ ਬੇਡੌਲ ਸਨ।
--- --- ---

No comments:

Post a Comment