Saturday, 14 September 2013

4. ਬਘਿਆੜ ਤੇ ਬਲ੍ਹਦ-ਗੱਡੀ

4. ਬਘਿਆੜ ਤੇ ਬਲ੍ਹਦ-ਗੱਡੀ

ਖੇਤਾਂ-ਖਾਲਿਆਂ ਦੇ ਬਾਅਦ ਜੰਗਲ ਸ਼ੁਰੂ ਹੋ ਗਿਆ ਸੀ। ਫੇਰ ਵੀ ਲਾਈਨ ਦੇ ਨਾਲ-ਨਾਲ ਗੰਨੇ ਦੇ ਕੁਝ ਖੇਤ ਸਨ।
“ਅਜੇ ਕਿੰਨੀ ਕੁ ਦੂਰ ਜਾਣਾ ਏਂ?” ਦਲਜੀਤ ਬੋਲਿਆ, “ਕੀ ਰਾਏਵਾਲਾ ਜੰਗਲ ਦੇ ਐਨ ਵਿਚਕਾਰ ਏ?”
“ਹਾਂ, ਜੰਗਲ 'ਚ ਈ ਹੋਵੇਗਾ। ਅਸੀਂ ਲਗਭਗ ਚਾਰ ਮੀਲ ਤੈਅ ਕਰ ਆਏ ਆਂ। ਛੇ ਮੀਲ ਅਜੇ ਹੋਰ ਜਾਣਾ ਏਂ। ਅਜੀਬ ਗੱਲ ਏ, ਕੁਝ ਮੀਲ ਦੂਜੇ ਮੀਲਾਂ ਨਾਲੋਂ ਲੰਮੇ ਕਿਓਂ ਲੱਗਦੇ ਨੇ! ਮੇਰੇ ਖ਼ਿਆਲ 'ਚ ਇਹ ਸ਼ਾਇਦ ਮਨ ਦੀ ਦਸ਼ਾ 'ਤੇ ਨਿਰਭਰ ਕਰਦਾ ਏ। ਜੇ ਮਨ ਵਿਚ ਮਜ਼ੇਦਾਰ ਵਿਚਾਰ ਹੋਣ, ਤਾਂ ਮੀਲਾਂ ਦਾ ਸਫ਼ਰ ਏਨਾ ਲੰਮਾਂ ਨਹੀਂ ਲੱਗਦਾ।”
“ਤਾਂ ਠੀਕ ਏ, ਅਸੀਂ ਮਨ ਵਿਚ ਅੱਛੇ, ਮਜ਼ੇਦਾਰ ਵਿਚਾਰ ਲੈ ਕੇ ਤੁਰਦੇ ਆਂ। ਇੱਥੇ ਕੋਈ ਛੋਟਾ ਰਸਤਾ ਨਈਂ, ਰਸਟੀ? ਤੂੰ ਤਾਂ ਇਹਨਾਂ ਜੰਗਲਾਂ 'ਚ ਪਹਿਲਾਂ ਵੀ ਆ ਚੁੱਕਿਆ ਏਂ।”
“ਅਸੀਂ ਜੰਗਲ 'ਚੋਂ 'ਫਾਇਰ ਪਾਥ' (ਯਾਨੀ 'ਅਗਨੀ-ਪਥ') ਤੋਂ ਹੋ ਕੇ ਜਾਵਾਂਗੇ। ਇਸ ਨਾਲ ਤਿੰਨ-ਚਾਰ ਮੀਲ ਦੀ ਬੱਚਤ ਹੋ ਜਾਵੇਗੀ। ਪਰ ਇਕ ਛੋਟੀ ਨਦੀ ਨੂੰ ਤੈਰ ਕੇ ਜਾਂ ਪਾਣੀ ਵਿਚ ਤੁਰ ਕੇ ਪਾਰ ਕਰਨਾ ਪਵੇਗਾ। ਬਰਸਾਤ ਅਜੇ ਸ਼ੁਰੂ ਨਹੀਂ ਹੋਈ, ਸੋ ਪਾਣੀ ਬਹੁਤਾ ਤੇਜ਼ ਜਾਂ ਡੂੰਘਾ ਨਹੀਂ ਹੋਣਾ ਚਾਹੀਦਾ।”
ਸੰਘਣੇ ਜੰਗਲ ਵਿਚ, ਵਿਚ-ਵਿਚ, ਕੁਝ ਰਸਤੇ ਬਣਾ ਦਿੱਤੇ ਜਾਂਦੇ ਨੇ, ਤਾਕਿ ਜੰਗਲ ਵਿਚ ਕਿਤੇ ਅੱਗ ਲੱਗ ਜਾਵੇ ਤਾਂ ਉਹ ਬਹੁਤੀ ਨਾ ਫ਼ੈਲੇ। ਇਸ ਲਈ ਇਹਨਾਂ ਨੂੰ 'ਫਾਇਰ ਪਾਥ' (ਯਾਨੀ 'ਅਗਨੀ-ਪਥ') ਕਹਿੰਦੇ ਨੇ। ਅਜਿਹੇ ਰਸਤਿਆਂ ਉੱਤੇ ਲੋਕਾਂ ਦਾ ਆਉਣ-ਜਾਣ ਬਹੁਤਾ ਨਹੀਂ ਹੁੰਦਾ, ਕਿਉਂਕਿ ਇਹ ਰਸਤੇ ਕਿਸੇ ਨਿਸ਼ਚਿਤ ਜਗ੍ਹਾ ਤਕ ਨਹੀਂ ਪਹੁੰਚਾਂਦੇ, ਪਰ ਵੱਡੇ ਜਾਨਵਰ ਅਕਸਰ ਇਹਨਾਂ ਰਸਤਿਆਂ ਉੱਤੇ ਆਉਂਦੇ ਰਹਿੰਦੇ ਨੇ।
ਅਜਿਹੇ ਹੀ ਇਕ ਰਸਤੇ ਉੱਤੇ ਅਸੀਂ ਅਜੇ ਕੋਈ ਮੀਲ ਭਰ ਹੀ ਗਏ ਕਿ ਤੇਜ਼ ਵਹਿੰਦੇ ਪਾਣੀ ਦੀ ਆਵਾਜ਼ ਕੰਨਾਂ ਵਿਚ ਪਈ। ਰਸਤਾ, ਸਾਲ੍ਹ ਦੇ ਰੁੱਖਾਂ ਵਿਚਕਾਰੋਂ ਹੁੰਦਾ ਹੋਇਆ, ਨਦੀ ਤਟ ਤਕ ਜਾਂਦਾ ਸੀ। ਨਦੀ ਉੱਤੇ ਇਕ ਵੱਡਾ ਸਾਰਾ ਪੁਲ ਵੀ ਦਿਖਾਈ ਦਿੰਦਾ ਸੀ, ਪਰ ਉਹ ਕਰੀਬ ਤਿੰਨ ਮੀਲ ਹੇਠਾਂ ਮੁੱਖ ਸੜਕ ਉੱਤੇ ਸੀ।
“ਇੱਥੇ ਪਾਣੀ ਕਿਤੇ ਵੀ ਲੱਕ-ਲੱਕ ਤੋਂ ਵੱਧ ਨਹੀਂ ਏਂ।” ਮੈਂ ਕਿਹਾ, “ਪਰ ਰਫ਼ਤਾਰ ਤੇਜ਼ ਏ ਤੇ ਪੱਥਰਾਂ 'ਤੇ ਤਿਲ੍ਹਕਣ ਵੀ ਏ।”
ਅਸੀਂ ਕੱਪੜੇ ਲਾਹੇ। ਸਾਰੀਆਂ ਚੀਜ਼ਾਂ ਦੀਆਂ ਦੋ ਪੰਡਾਂ ਬੰਨ੍ਹੀਆਂ ਤੇ ਉਹਨਾਂ ਨੂੰ ਸਿਰ ਉੱਤੇ ਰੱਖ ਕੇ ਨਦੀ ਵਿਚ ਲੱਥ ਗਏ। ਦਲਜੀਤ ਹੱਟਾ-ਕੱਟਾ ਸੀ। ਉਸਦੀਆਂ ਬਾਹਾਂ ਤੇ ਲੱਤਾਂ ਨਰੋਈਆਂ ਸਨ। ਮੈਂ ਉਸ ਤੋਂ ਪਤਲਾ ਤੇ ਹਲਕਾ-ਫੁਲਕਾ ਸੀ, ਪਰ ਸੀ ਫੁਰਤੀਲਾ।
ਪੈਰਾਂ ਹੇਠਲੇ ਪੱਥਰ ਤਿਲ੍ਹਕਣ ਭਰੇ ਸਨ। ਅਸੀਂ ਕਿਸੇ ਤਰ੍ਹਾਂ ਤਿਲ੍ਹਕਦੇ-ਸੰਭਲਦੇ ਪਾਣੀ ਵਿਚ ਤੁਰ ਰਹੇ ਸੀ। ਨਤੀਜਾ ਇਹ ਹੋਇਆ ਕਿ ਇਕ ਦੂਜੇ ਦੀ ਮਦਦ ਕਰਨ ਦੀ ਬਜਾਏ ਅਸੀਂ ਰੁਕਾਵਟ ਹੀ ਪਾ ਰਹੇ ਸੀ।
ਫੇਰ ਅਸੀਂ ਧਾਰ ਦੇ ਐਨ ਵਿਚਕਾਰ ਲੱਕ-ਲੱਕ ਪਾਣੀ ਵਿਚ ਜਾ ਖੜ੍ਹੇ ਹੋਏ ਤੇ ਅੱਗੇ ਜਾਣ ਤੋਂ ਹਿਚਕਿਚਾਉਣ ਲੱਗੇ। ਡਰ ਲੱਗਦਾ ਸੀ ਕਿ ਪਾਣੀ ਵਿਚ ਰੁੜ੍ਹ ਹੀ ਨਾ ਜਾਈਏ।
“ਮੈਥੋਂ ਖੜ੍ਹਾ ਨਈਂ ਹੋਇਆ ਜਾ ਰਿਹਾ!” ਦਲਜੀਤ ਬੋਲਿਆ।
“ਅੱਗੇ ਪਾਣੀ ਬਹੁਤਾ ਡੂੰਘਾ ਨਹੀਂ ਹੋਵੇਗਾ।” ਮੈਂ ਉਮੀਦ ਦੀ ਡੋਰ ਸੰਭਾਲੀ ਰੱਖੀ। ਪਰ ਪਾਣੀ ਦਾ ਵਹਾਅ ਤੇਜ਼ ਸੀ ਤੇ ਮੇਰੇ ਗੋਡੇ ਕੰਬ ਰਹੇ ਸਨ।
ਦਲਜੀਤ ਨੇ ਪੈਰ ਅੱਗੇ ਵਧਾਉਣਾ ਚਾਹਿਆ, ਪਰ ਉਹ ਯਕਦਮ ਤਿਲ੍ਹਕ ਗਿਆ ਤੇ ਪਾਣੀ ਵਿਚ ਪਿੱਛੇ ਵੱਲ ਡਿੱਗਿਆ ਤੇ ਆਪਣੇ ਨਾਲ ਮੈਨੂੰ ਵੀ ਲੈਂਦਾ ਗਿਆ। ਉਹ ਹੱਥ ਪੈਰ ਮਾਰ ਰਿਹਾ ਸੀ, ਪਰ ਅੰਤ ਵਿਚ ਉਸਨੇ ਮੇਰਾ ਸਹਾਰਾ ਲਿਆ ਤੇ ਵਹੇਲ ਮੱਛੀ ਵਾਂਗ ਮੂੰਹ ਵਿਚੋਂ ਪਾਣੀ ਦੇ ਫੁਆਰੇ ਛੱਡਦਾ ਹੋਇਆ ਉਪਰ ਆਇਆ।
ਅਸੀਂ ਜਦੋਂ ਦੇਖਿਆ ਕਿ ਪਾਣੀ ਸਾਨੂੰ ਵਹਾਅ ਕੇ ਨਹੀਂ ਲੈ ਜਾ ਰਿਹਾ, ਤਾਂ ਹੱਥ-ਪੈਰ ਮਾਰਨੇ ਛੱਡ ਕੇ ਖੜ੍ਹੇ ਹੋ ਗਏ ਤੇ ਬੜੀ ਸਾਵਧਾਨੀ ਨਾਲ ਪੈਰ ਧਰਦੇ ਹੋਏ ਸਾਹਮਣੇ ਵਾਲੇ ਕਿਨਾਰੇ ਵੱਲ ਤੁਰ ਪਏ। ਪਰ ਉਦੋਂ ਤਕ ਅਸੀਂ ਨਦੀ ਵਿਚ ਲਗਭਗ ਵੀਹ ਗਜ ਵਹਿ ਆਏ ਸੀ।
ਅਸੀਂ ਕਿਨਾਰੇ ਦੀ ਗਰਮ ਰੇਤ ਉੱਤੇ ਆ ਕੇ ਬੈਠ ਗਏ। ਉਪਰੋਂ ਤੇਜ਼ ਧੁੱਪ ਦੀ ਮਾਰ ਪੈ ਰਹੀ ਸੀ। ਦਲਜੀਤ ਦੇ ਹੱਥ ਵਿਚ ਸੱਟ ਵੱਜੀ ਸੀ ਤੇ ਉਹ ਉਸਨੂੰ ਚੂਸ ਰਿਹਾ ਸੀ। ਪਰ ਜਲਦੀ ਹੀ ਅਸੀਂ ਉੱਠ ਕੇ ਖੜ੍ਹੇ ਹੋ ਗਏ। ਭੁੱਖ ਵੀ ਲੱਗ ਆਈ ਸੀ। ਅਸੀਂ ਬਿਸਕੁਟ ਵਗ਼ੈਰਾ ਕੱਢੇ ਤੇ ਖਾਂਦੇ ਹੋਏ ਤੁਰ ਪਏ।
“ਹੁਣ ਬਹੁਤੀ ਦੂਰ ਨਹੀਂ ਜਾਣਾ ਏਂ।” ਮੈਂ ਕਿਹਾ।
“ਮੈਂ ਇਸ ਬਾਰੇ ਸੋਚਣਾ ਨਈਂ ਚਾਹੁੰਦਾ।” ਦਲਜੀਤ ਬੋਲਿਆ।
ਅਸੀਂ ਜੰਗਲ ਦੇ ਰਸਤੇ ਉੱਤੇ ਪੈਰ ਘਸੀਟਦੇ ਹੋਏ ਤੁਰੇ ਜਾ ਰਹੇ ਸੀ। ਥੱਕ ਤਾਂ ਜ਼ਰੂਰ ਗਏ ਸੀ, ਪਰ ਹੌਸਲਾ ਨਹੀਂ ਸੀ ਹਾਰੇ। ਥੋੜ੍ਹੀ ਦੇਰ ਬਾਅਦ ਅਸੀਂ ਇਕ ਮੋੜ ਦਾ ਚੱਕਰ ਕੱਟਿਆ।
ਯਕਦਮ ਅਸੀਂ ਬਘਿਆੜ ਦੇ ਐਨ ਸਾਹਮਣੇ ਸੀ।
ਬੇਸ਼ਕ ਬਿਲਕੁਲ ਆਹਮਣੇ-ਸਾਹਮਣੇ ਤਾਂ ਨਹੀਂ। ਬਘਿਆੜ ਸਾਥੋਂ ਲਗਭਗ ਪੰਦਰਾਂ ਗਜ ਦੇ ਫ਼ਾਸਲੇ ਉੱਤੇ ਰਸਤੇ ਦੇ ਐਨ ਵਿਚਕਾਰ ਖੜ੍ਹਾ ਸੀ। ਇੰਜ ਲੱਗਦਾ ਸੀ, ਬਘਿਆੜ ਵੀ ਸਾਨੂੰ ਉੱਥੇ ਦੇਖ ਕੇ ਓਨਾਂ ਹੀ ਹੈਰਾਨ ਸੀ ਜਿੰਨੇ ਕਿ ਅਸੀਂ ਉਸਨੂੰ ਦੇਖ ਕੇ ਹੈਰਾਨ ਹੋਏ ਸੀ। ਉਸਨੇ ਖੜ੍ਹੇ-ਖੜ੍ਹੇ ਹੀ ਵੱਡਾ ਸਾਰਾ ਸਿਰ ਚੁੱਕ ਕੇ ਉਪਰ ਦੇਖਿਆ ਤੇ ਲੰਮੀ ਪੂਛ ਸੱਜੇ-ਖੱਬੇ ਹਿਲਾਈ। ਪਰ ਸਾਡੇ ਵੱਲ ਆਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਰਸਤੇ ਦੇ ਐਨ ਵਿਚਕਾਰ ਅਸੀਂ ਸਾਹ ਰੋਕੀ ਖੜ੍ਹੇ ਸੀ। ਅਸੀਂ ਏਨੇ ਭੈਭੀਤ ਤੇ ਹੈਰਾਨ ਸੀ ਕਿ ਸਾਨੂੰ ਕੁਝ ਸੁੱਝ ਹੀ ਨਹੀਂ ਸੀ ਰਿਹਾ। ਤੇ ਇਹ ਠੀਕ ਹੀ ਹੋਇਆ, ਕਿਉਂਕਿ ਜੇ ਅਸੀਂ ਦੌੜ ਪੈਂਦੇ ਜਾਂ ਚੀਕਣ-ਕੂਕਣ ਲੱਗ ਪੈਂਦੇ ਤਾਂ ਹੋ ਸਕਦਾ ਸੀ ਬਘਿਆੜ ਉਤੇਜਤ ਹੋ ਕੇ ਹਮਲਾ ਹੀ ਕਰ ਦਿੰਦਾ। ਪਰ ਇਹ ਬਘਿਆੜ ਮਨੁੱਖ ਤੋਂ ਭੈਅ ਨਹੀਂ ਸੀ ਖਾਂਦਾ ਤੇ ਨਾ ਹੀ ਆਦਮਖੋਰ ਸੀ। ਉਹ ਹੌਲੀ-ਜਿਹੀ ਘੁਰਰਾਇਆ ਤੇ ਛਿਣ ਭਰ ਦੀ ਹਿਚਕ ਪਿੱਛੋਂ ਆਰਾਮ ਨਾਲ ਤੁਰਦਾ ਹੋਇਆ ਜੰਗਲ ਵਿਚ ਅਲੋਪ ਹੋ ਗਿਆ।
ਉਦੋਂ ਕਿਤੇ ਜਾ ਕੇ ਸਾਡੀ ਜਾਨ ਵਿਚ ਜਾਨ ਆਈ। ਦਲਜੀਤ ਭਰੜਾਈ ਆਵਾਜ਼ ਵਿਚ ਫੁਸਫੁਸਾਇਆ, “ਤੂੰ ਦੱਸਿਆ ਈ ਨਈਂ ਇੱਧਰ ਬਘਿਆੜ ਵੀ ਹੁੰਦੇ ਨੇ!”
“ਧਿਆਨ ਈ ਨਹੀਂ ਆਇਆ।” ਮੈਂ ਕਿਹਾ, ਤੇ ਇਹ ਸੱਚ ਵੀ ਸੀ, “ਇਧਰ ਬਹੁਤੇ ਬਘਿਆੜ ਨਹੀਂ ਹੁੰਦੇ...”
“ਇਕੋ ਕਾਫੀ ਸੀ,” ਦਲਜੀਤ ਬੋਲਿਆ, “ਪਿਛਾਂਹ ਮੁੜ ਚੱਲੀਏ ਜਾਂ ਅੱਗੇ ਵਧੀਏ?”
“ਅੱਗੇ। ਹਾਂ, ਨਦੀ 'ਚ ਫੇਰ ਹੱਥ-ਪੈਰ ਮਾਰਨ ਦੀ ਮੰਸ਼ਾ ਨਹੀਂ ਤਾਂ। ਵੈਸੇ, ਬਘਿਆੜ ਨੂੰ ਤਾਂ ਸਾਡੇ ਵਿਚ ਕੋਈ ਦਿਲਚਸਪੀ ਈ ਨਹੀਂ ਲੱਗੀ।”
“ਤਾਂ ਫੇਰ ਅੱਗੇ ਵਧ।” ਦਲਜੀਤ ਬੋਲਿਆ, ਤੇ ਅਸੀਂ ਅੱਗੇ ਅਗਨੀ-ਪਥ ਉੱਤੇ ਤੁਰ ਪਏ। ਇਸ ਪਿੱਛੋਂ ਕੋਈ ਜਾਨਵਰ ਨਹੀਂ ਮਿਲਿਆ। ਹਾਂ, ਕੁਝ ਸੁੰਦਰ ਮੋਰ ਜ਼ਰੂਰ ਦਿਖਾਈ ਦਿੱਤੇ, ਜਿਹੜੇ ਸਾਨੂੰ ਦੇਖਦੇ ਹੀ ਉੱਡ ਗਏ।
ਛੇਤੀ ਹੀ ਅਸੀਂ ਇਕ ਮੁੱਖ ਸੜਕ ਉੱਤੇ ਆ ਗਏ। ਦੋਵੇਂ ਪਾਸੇ ਖੇਤ-ਖਾਲੇ ਤੇ ਪਿੰਡ ਸਨ। ਪਹਾੜ ਵੱਲੋਂ ਆਉਣ ਵਾਲੀ ਠੰਢੀ ਹਵਾ ਵਗ ਰਹੀ ਸੀ। ਹਵਾ ਛੇੜਦੀ ਤਾਂ ਖੇਤਾਂ ਵਿਚ ਖੜ੍ਹੀ ਗੰਨੇ ਦੀ ਫਸਲ ਹੌਲੀ-ਹੌਲੀ ਝੂੰਮਣ ਲੱਗ ਪੈਂਦੀ। ਸੜਕ ਉੱਤੇ ਤੇਜ਼ ਹਵਾ ਕਾਰਨ ਸਾਡੇ ਚਾਰੇ-ਪਾਸੇ ਧੂੜ ਦੇ ਵਰੋਲੇ ਜਿਹੇ ਉੱਡ ਰਹੇ ਸਨ। ਉਦੋਂ ਹੀ ਪਿੱਛੇ ਉੱਡਦੀ ਧੂੜ ਵਿਚ ਬਲ੍ਹਦ-ਗੱਡੇ ਦੇ ਪਹੀਆਂ ਦੀ ਚੂੰ-ਚੂੰ ਸੁਣਾਈ ਦਿੱਤੀ।
“ਹੋ! ਹਾਅ, ਹਿਆ!” ਗੱਡੇ ਵਾਲਾ ਉੱਚੀ-ਉੱਚੀ ਬੋਲਦਾ ਆ ਰਿਹਾ ਸੀ। ਬਲ੍ਹਦ ਨਾਸਾਂ ਵਿਚੋਂ ਹਵਾ ਛੱਡਦੇ ਹੋਏ ਧੂੜ ਦੇ ਗੁਬਾਰ ਵਿਚੋਂ ਪਰਗਟ ਹੋਏ। ਅਸੀਂ ਸੜਕ ਦੇ ਇਕ ਪਾਸੇ ਖੜ੍ਹੇ ਹੋ ਗਏ।
“ਰਾਏ ਵਾਲਾ ਜਾ ਰਹੇ ਓਂ?” ਦਲਜੀਤ ਨੇ ਪੁੱਛਿਆ, “ਸਾਨੂੰ ਲੈ ਚੱਲੋਂਗੇ?”
“ਆ ਜਾਓ।” ਗੱਡੇ ਵਾਲੇ ਨੇ ਕਿਹਾ, ਤੇ ਅਸੀਂ ਧੂੜ ਵਿਚ ਪੈਰ ਰਗੜਦੇ ਹੋਏ ਭੱਜੇ ਤੇ ਚੱਲਦੇ ਗੱਡੇ ਉੱਤੇ ਚੜ੍ਹ ਗਏ।
ਬਲ੍ਹਦ ਗੱਡਾ ਖੜ-ਖੜ ਕਰਦਾ ਤੇ ਹਿਲੋਰੇ ਖਾਂਦਾ ਜਾ ਰਿਹਾ ਸੀ। ਅਸੀਂ ਦੋਵਾਂ ਪਾਸਿਓਂ ਗੱਡੇ ਨੂੰ ਕੱਸ ਕੇ ਫੜ੍ਹਿਆ ਹੋਇਆ ਸੀ, ਤਾਕਿ ਡਿੱਗ ਨਾ ਪਈਏ। ਬਲ੍ਹਦ ਗੱਡੇ ਵਿਚੋਂ ਘਾਹ, ਪੁਦੀਨੇ ਤੇ ਪਾਥੀਆਂ ਦੀ ਬੂ ਆ ਰਹੀ ਸੀ। ਗੱਡੇ ਵਾਲੇ ਦੇ ਸਿਰ ਉੱਤੇ ਲਾਲ ਕੱਪੜਾ ਬੱਧਾ ਸੀ ਤੇ ਸਰੀਰ ਉੱਤੇ ਚੁਸਤ ਬੰਡੀ ਤੇ ਧੋਤੀ ਸੀ। ਉਹ ਬੀੜੀ ਪੀ ਰਿਹਾ ਸੀ ਤੇ ਬਲ੍ਹਦਾਂ ਨੂੰ ਉੱਚੀ ਆਵਾਜ਼ ਵਿਚ ਹੱਕਦਾ ਲਈ ਜਾ ਰਿਹਾ ਸੀ। ਇੰਜ ਜਾਪਦਾ ਸੀ, ਉਸ ਸਾਡੀ ਮੌਜੂਦਗੀ ਤੋਂ ਯਕਦਮ ਲਾਪ੍ਰਵਾਹ ਹੋ ਗਿਆ ਹੈ। ਅਸੀਂ ਬਲ੍ਹਦ ਗੱਡੇ ਨਾਲ ਇੰਜ ਚਿਪਕੇ ਹੋਏ ਸੀ ਕਿ ਗੱਲਬਾਤ ਕਰਨ ਦੀ ਸੁੱਝ ਹੀ ਨਹੀਂ ਸੀ ਰਹੀ। ਜਲਦੀ ਹੀ ਅਸੀਂ ਰਾਏ ਵਾਲਾ ਦੇ ਭੀੜ ਭਰੇ ਵਾਤਾਵਰਨ ਵਿਚ ਪਹੁੰਚ ਗਏ। ਰਾਏ ਵਾਲਾ ਸੀ ਤਾਂ ਛੋਟਾ ਜਿਹਾ ਕਸਬਾ, ਪਰ ਮੰਡੀ ਵੱਡੀ ਸੀ। ਅਸੀਂ ਬਲ੍ਹਦ ਗੱਡੇ ਵਿਚੋਂ ਛਾਲਾਂ ਮਾਰ ਕੇ ਉੱਤਰੇ ਤੇ ਉਸਦੇ ਨਾਲ-ਨਾਲ ਤੁਰਨ ਲੱਗ ਪਏ।
“ਇਸ ਨੂੰ ਕੁਛ ਪੈਸੇ ਦੇਈਏ?” ਮੈਂ ਪੁੱਛਿਆ।
“ਨਈਂ, ਬੁਰਾ ਮੰਨ ਜਾਏਗਾ। ਇਹ ਕੋਈ ਟੈਕਸੀ-ਡਰਾਈਵਰ ਨਈਂ।”
“ਤਾਂ ਠੀਕ ਏ, ਸਿਰਫ਼ ਧੰਨਵਾਦ ਈ ਕਰ ਦੇਂਦੇ ਆਂ।”
ਅਸੀਂ ਉੱਚੀ ਆਵਾਜ਼ ਵਿਚ ਗੱਡੇ ਵਾਲੇ ਦਾ ਧੰਨਵਾਦ ਕੀਤਾ, ਪਰ ਉਸਨੇ ਮੁੜ ਕੇ ਦੇਖਿਆ ਤਕ ਨਹੀਂ। ਲੱਗਦਾ ਸੀ, ਉਹ ਆਪਣੇ ਬਲ੍ਹਦਾਂ ਨਾਲ ਗੱਲਾਂ ਕਰਦਾ ਜਾ ਰਿਹਾ ਸੀ।
“ਮੈਨੂੰ ਭੁੱਖ ਲੱਗੀ ਏ।” ਦਲਜੀਤ ਬੋਲਿਆ, “ਰਾਤ ਦਾ ਅਸੀਂ ਢੰਗ ਨਾਲ ਖਾਣਾ ਵੀ ਨਈਂ ਖਾਧਾ।”
“ਤਾਂ ਕਿਤੇ ਬੈਠ ਕੇ ਖਾਂਦੇ ਆਂ।” ਮੈਂ ਕਿਹਾ, “ਚੱਲ।”
ਰਾਏ ਵਾਲਾ ਦੇ ਬਾਜ਼ਾਰ ਵਿਚੋਂ ਲੰਘਦੇ ਹੋਏ ਅਸੀਂ ਚਾਹ ਤੇ ਮਠਿਆਈ ਵਾਲੀਆਂ ਦੁਕਾਨਾਂ ਦੇਖੇ ਜਾ ਰਹੇ ਸੀ। ਇਕ ਜਗ੍ਹਾ ਅਸੀਂ ਸਸਤਾ ਜਿਹਾ ਢਾਬਾ ਲੱਭ ਲਿਆ। ਇਕ ਮੁੰਡੂ ਸਾਡੇ ਸਾਹਵੇਂ ਦਾਲ-ਚੌਲ ਰੱਖ ਗਿਆ। ਦਲਜੀਤ ਨੇ ਘਿਓ ਮੰਗਵਾਇਆ ਤੇ ਦਾਲ ਵਿਚ ਪਾ ਲਿਆ। ਇਕ ਖਾਣੇ ਦੀ ਕੀਮਤ ਦੋ ਰੁਪਏ ਸੀ, ਪਰ ਦਾਲ ਅਸੀਂ ਜਿੰਨੀ ਮਰਜ਼ੀ ਲੈ ਸਕਦੇ ਸੀ, ਇਸ ਲਈ ਦੋਵੇਂ ਰਲ ਕੇ ਅਸੀਂ ਚਾਰ ਪਲੇਟਾਂ ਦਾਲ ਦੀਆਂ ਖਾ ਗਏ।
“ਹੁਣ ਸਟੇਸ਼ਨ 'ਤੇ ਚੱਲ ਕੇ ਆਰਾਮ ਕਰਦੇ ਆਂ।” ਢਾਬੇ ਵਿਚੋਂ ਨਿਕਲਦਿਆਂ ਹੋਇਆਂ ਮੈਂ ਕਿਹਾ, “ਲਵਾਂਗੇ ਸੈਕੰਡ ਕਲਾਸ ਦੇ ਟਿਕਟ ਤੇ ਆਰਾਮ ਕਰਾਂਗੇ ਫਸਟ ਕਲਾਸ ਦੇ ਵੇਟਿੰਗ ਰੂਮ 'ਚ। ਕੋਈ ਚੈਕ ਕਰਨ ਨਹੀਂ ਆਵੇਗਾ। ਅਸੀਂ ਫਸਟ ਕਲਾਸ ਵਾਲੇ ਨਹੀਂ ਲੱਗਦੇ, ਕਿਓਂ?”
“ਜੰਗਲ 'ਚ ਮਾਰੇ-ਮਾਰੇ ਫਿਰਨ ਪਿੱਛੋਂ ਇਸ ਹਾਲਤ 'ਚ ਨਈਂ।” ਦਲਜੀਤ ਬੋਲਿਆ।
ਅਸੀਂ ਸਟੇਸ਼ਨ ਪਹੁੰਚੇ ਤੇ ਸਭ ਤੋਂ ਵਧੀਆ ਵੇਟਿੰਗ ਰੂਮ ਵਿਚ ਜਚ ਗਏ। ਦਲਜੀਤ ਚੈਨ ਨਾਲ ਆਰਾਮ ਕੁਰਸੀ ਵਿਚ ਧਸ ਗਿਆ।
“ਰੇਲਗੱਡੀ ਆਵੇ ਤਾਂ ਮੈਨੂੰ ਜਗਾਅ ਦਵੀਂ।” ਉਹ ਅਲਸਾਈ ਜਿਹੀ ਆਵਾਜ਼ ਵਿਚ ਬੋਲਿਆ।
ਸਾਨੂੰ ਬਹੁਤੀ ਦੇਰ ਉਡੀਕ ਨਹੀਂ ਕਰਨੀ ਪਈ। ਮੈਂ ਦਰਵਾਜ਼ੇ ਨਾਲ ਢੋਅ ਲਾਈ ਖੜ੍ਹਾ ਸਾਹਮਣੇ ਰੇਲ ਪਟੜੀ ਵੱਲ ਦੇਖ ਰਿਹਾ ਸੀ ਕਿ ਆਉਂਦੀ ਹੋਈ ਰੇਲਗੱਡੀ ਦੀ ਵਿਸਲ ਕੰਨਾਂ ਵਿਚ ਪਈ। ਰੇਲਗੱਡੀ ਹੌਲੀ-ਹੌਲੀ ਪਲੇਟਫਾਰਮ ਉੱਤੇ ਆਈ। ਫੁਕਾਰਦਾ ਹੋਇਆ ਦਿਓ ਵਰਗਾ ਇੰਜਨ ਖਾਸੀ ਭਾਫ ਛੱਡ ਰਿਹਾ ਸੀ। ਪਲੇਟਫਾਰਮ ਉੱਤੇ ਅਫ਼ਰਾ-ਤਫਰੀ ਜਿਹੀ ਮੱਚ ਗਈ। ਰੇਲਗੱਡੀ ਦੇ ਆਉਂਦਿਆਂ ਹੀ ਲੋਕ ਦੌੜਨ-ਭੱਜਣ ਲੱਗੇ। ਇਸਦੇ ਨਾਲ ਹੀ ਡੱਬਿਆਂ ਦੇ ਦਰਵਾਜ਼ੇ ਖੁੱਲ੍ਹੇ ਤੇ ਸਵਾਰੀਆਂ ਉਤਰਨ ਲੱਗੀਆਂ।
ਮੈਂ ਦਲਜੀਤ ਨੂੰ ਜਗਾਉਣ ਲਈ ਝੰਜੋੜਿਆ ਤੇ ਅਸੀਂ ਦੌੜ ਕੇ ਪਲੇਟਫਾਰਮ ਉੱਤੇ ਆ ਗਏ ਤੇ ਭੀੜ ਵਿਚ ਸ਼ਾਮਲ ਹੋ ਗਏ। ਔਰਤਾਂ, ਮਰਦ, ਬੱਚੇ, ਸਭ ਧੱਕਮ-ਧੱਕੀ ਹੋ ਰਹੇ ਸਨ। ਕੁਝ ਚਿਰ ਲਈ ਨਾ ਤਾਂ ਕੋਈ ਡੱਬੇ ਵਿਚ ਵੜ ਸਕਿਆ ਸੀ ਤੇ ਨਾ ਕੋਈ ਅੰਦਰੋਂ ਉਤਰ ਸਕਿਆ। ਲੋਕਾਂ ਦੇ ਸਿਰਾਂ ਉੱਤੋਂ ਗੰਢੜੀਆਂ-ਪੋਟਲੀਆਂ ਅੰਦਰ ਸੁੱਟੀਆਂ ਜਾ ਰਹੀਆਂ ਸਨ। ਕਈ ਨੌਜਵਾਨ ਖਿੜਕੀਆਂ ਦੇ ਰਸਤੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਸਿਰ ਅੰਦਰ ਕਰਨ ਪਿੱਛੋਂ ਕੋਈ ਉਹਨਾਂ ਨੂੰ ਧੱਕਾ ਲਾ ਰਿਹਾ ਸੀ। ਆਪੋ-ਆਪਣੀਆਂ ਗੰਢੜੀਆਂ ਨੂੰ ਛਾਤੀ ਨਾਲ ਲਾਈ ਅਸੀਂ ਦੋਵੇਂ ਇਸ ਧੱਕਮ-ਧੱਕੀ ਵਿਚ ਫਸ ਗਏ ਸੀ ਤੇ ਇਸੇ ਧੱਕਮ-ਧੱਕੀ ਵਿਚ ਡੱਬੇ ਦੇ ਅੰਦਰ ਪਹੁੰਚ ਗਏ ਸੀ।
ਜਦੋਂ ਤਕ ਅਸੀਂ ਇਕ ਕੋਨੇ ਵਾਲੀ ਸੀਟ ਉੱਤੇ ਜਾ ਕੇ ਬੈਠੇ, ਰੇਲਗੱਡੀ ਤੁਰ ਪਈ। ਇਕ ਦੋ ਜਣੇ ਹੁਣ ਵੀ ਦਰਵਾਜ਼ਿਆਂ ਤੇ ਖਿੜਕੀਆਂ ਵਿਚ ਲਟਕ ਰਹੇ ਸਨ, ਫੇਰ ਮੌਕਾ ਮਿਲਦਿਆਂ ਹੀ ਅੰਦਰ ਸਰਕ ਆਏ।
ਮੈਂ ਖਿੜਕੀ ਦੇ ਨੇੜੇ ਬੈਠਾ ਸੀ। ਜਦੋਂ ਰੇਲਗੱਡੀ ਨੇ ਰਫ਼ਤਾਰ ਫੜ੍ਹੀ ਤੇ ਤੇਜ਼ੀ ਨਾਲ ਪਿੱਛੇ ਰਹਿੰਦੇ ਅੰਬ ਦੇ ਬਗੀਚੇ, ਪਿੰਡ ਤੇ ਤਾਰਾਂ ਵਾਲੇ ਖੰਭੇ ਆਪਸ ਵਿਚ ਗਡਮਡ ਹੋਣ ਲੱਗੇ, ਤਾਂ ਕਿਤੇ ਜਾ ਕੇ ਮੈਂ ਮਹਿਸੂਸ ਕੀਤਾ ਕਿ ਹੁਣ ਅਸੀਂ ਸੱਚਮੁੱਚ ਆਪਣੇ ਨਿਸ਼ਾਨੇ ਵੱਲ ਚੱਲ ਪਏ ਹਾਂ—ਕਿਸੇ ਰਹੱਸਮਈ ਤੇ ਅਗਿਆਤ ਸਥਾਨ ਵੱਲ। ਮੈਂ ਜੋਸ਼ ਵਿਚ ਆ ਕੇ ਦਲਜੀਤ ਦੀ ਬਾਂਹ ਫੜ੍ਹ ਲਈ।
“ਅਸੀਂ ਆਪਣੇ ਨਿਸ਼ਾਨੇ ਵੱਲ ਜਾ ਰਹੇ ਆਂ।” ਮੈਂ ਕਿਹਾ।
“ਇਹ ਤਾਂ ਹੈ ਈ।” ਦਲਜੀਤ ਨੇ ਇਹ ਕਹਿੰਦਿਆਂ ਹੋਇਆਂ ਆਪਣਾ ਝੋਲਾ ਇਕ ਮੋਟੇ ਮੁਸਾਫ਼ਰ ਦੇ ਹੇਠੋਂ ਖਿੱਚ ਕੇ ਕੱਢਣਾ ਚਾਇਆ, ਜਿਹੜਾ ਇਸ ਸਾਰੀ ਮਾਰਾਮਾਰੀ ਤੇ ਧੱਕਮ-ਧੱਕੇ ਵਿਚ ਉਸ ਉੱਤੇ ਪਸਰ ਕੇ ਸੌਂ ਗਿਆ ਸੀ।
ਪਰ ਦਲਜੀਤ ਮੇਰਾ ਮੰਸ਼ਾ ਸਮਝ ਗਿਆ ਸੀ। ਆਪਣਾ ਝੋਲਾ ਚੁੱਕਣ ਪਿੱਛੋਂ ਉਹ ਮੇਰੇ ਵੱਲ ਦੇਖ ਕੇ ਨਿੰਮ੍ਹਾ ਜਿਹਾ ਮੁਸਕਰਾਇਆ ਤੇ ਉਤੇਜਨਾ ਵੱਸ ਉਸਦੀਆਂ ਅੱਖਾਂ ਚਮਕਣ ਲੱਗ ਪਈਆਂ।
--- --- ---

No comments:

Post a Comment